ਕਪੂਰਥਲਾ, 6 ਸਤੰਬਰ (ਵਿ.ਪ੍ਰ.)-ਸ੍ਰੀ ਗਣੇਸ਼ ਉਤਸਵ ਦੇ ਸਬੰਧ ਵਿਚ ਮਨੀ ਮਹੇਸ਼ ਮੰਦਿਰ ਕਪੂਰਥਲਾ ਵਿਚ ਭਜਨ ਕੀਰਤਨ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨਾਲ ਸਬੰਧਿਤ ਭਜਨ ਮੰਡਲੀ ਨੇ ਗਣੇਸ਼ ਵੰਦਨਾ ਪੇਸ਼ ਕੀਤੀ ਤੇ ਬਾਅਦ ਵਿਚ ਸਾਧਵੀ ਰਿੱਤੂ ਨੇ ਕਿਹਾ ਕਿ ਜੀਵਨ ਵਿਚ ਸਫ਼ਲਤਾ ਪ੍ਰਾਪਤ ਕਰਨ ਵਾਲੇ ਵਿਅਕਤੀ ਲਈ ਬੁੱਧੀ ਜ਼ਰੂਰੀ ਹੈ | ਮਾਤਾ ਪਿਤਾ ਦੀ ਪਰਿਕਰਮਾ ਕਰਕੇ ਬ੍ਰਹਿਮੰਡ ਦੀ ਪਰਿਕਰਮਾ ਦਾ ਰਾਜ ਸ੍ਰੀ ਗਣੇਸ਼ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਉਜਾਗਰ ਕੀਤਾ, ਜੋ ਸਮਾਜ ਨੂੰ ਬਹੁਤ ਵੱਡੀ ਦਿਸ਼ਾ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਆਪਣੇ ਮਾਤਾ ਪਿਤਾ ਸਤਿਕਾਰ ਨਹੀਂ ਕਰਦੇ ਤਾਂ ਤੁਸੀਂ ਪ੍ਰਭੂ ਦੀ ਖ਼ੁਸ਼ੀ ਪ੍ਰਾਪਤ ਨਹੀਂ ਕਰ ਸਕਦੇ | ਸਾਧਵੀ ਰਿੱਤੂ ਭਾਰਤੀ ਨੇ ਕਿਹਾ ਕਿ ਸ੍ਰੀ ਗਣੇਸ਼ ਨੂੰ ਕਈ ਨਾਂਅ ਨਾਲ ਸੰਬੋਧਨ ਕੀਤਾ ਜਾਂਦਾ ਹੈ | ਉਨ੍ਹਾਂ ਸ੍ਰੀ ਗਣੇਸ਼ ਉਤਸਵ ਸਬੰਧੀ ਵੀ ਹਾਜ਼ਰ ਸੰਗਤਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਸੰਸਥਾਨ ਦੀ ਕਪੂਰਥਲਾ ਬ੍ਰਾਂਚ ਦੀ ਮੁਖੀ ਸਾਧਵੀ ਗੁਰਪ੍ਰੀਤ ਭਾਰਤੀ, ਮੰਦਿਰ ਕਮੇਟੀ ਦੇ ਪ੍ਰਧਾਨ ਅਸ਼ੋਕ ਅਰੋੜਾ, ਚੇਅਰਮੈਨ ਵਿਕਾਸ ਗੁਪਤਾ, ਪ੍ਰਮੋਦ ਆਨੰਦ, ਸੁਨੀਲ ਦੱਤ, ਸ਼ਿਵ ਦਰਸ਼ਨ, ਵਿਜੇ, ਸੰਜੀਵ ਗੁਪਤਾ, ਵਿੱਕੀ, ਸੰਜੀਵ, ਵਿਵੇਕ, ਸੰਜੇ ਮਲਹੋਤਰਾ, ਕੁਲਦੀਪ, ਗੁਰਵਿੰਦਰ ਸਿੰਘ, ਸੁੱਖਾ ਰਾਮ, ਵਰਿੰਦਰ ਸਿੰਘ ਆਦਿ ਹਾਜ਼ਰ ਸਨ |