ਕਪੂਰਥਲਾ, 22 ਸਤੰਬਰ (ਅਮਰਜੀਤ ਕੋਮਲ)-ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪ੍ਰੇਮ ਪ੍ਰਕਾਸ਼ ਸਾਹਿਬ ਕਾਲਾ ਸੰਘਿਆਂ ਫਾਟਕ ਨਕੋਦਰ ਰੋਡ ਕਪੂਰਥਲਾ ਵਿਖੇ 24 ਸਤੰਬਰ ਦਿਨ ਬੁੱਧਵਾਰ ਨੂੰ ਮਹਾਨ ਗੁਰਮਤਿ ਸਮਾਗਮ ਦੇ ਸਬੰਧ ਵਿਚ ਅੱਜ ਗੁਰਦੁਆਰਾ ਸਾਹਿਬ ਵਿਖੇ 25 ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਗੁਰਦੁਆਰਾ ਟਾਹਲੀ ਸਾਹਿਬ ਬਲੇਰ ਖ਼ਾਨਪੁਰ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਨੇ ਦੱਸਿਆ ਕਿ 24 ਸਤੰਬਰ ਨੂੰ ਸਵੇਰੇ 9 ਵਜੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰਤ 10 ਵਜੇ ਤੋਂ ਲੈ ਕੇ 3 ਵਜੇ ਤੱਕ ਧਾਰਮਿਕ ਦੀਵਾਨ ਸਜਾਇਆ ਜਾਵੇਗਾ, ਜਿਸ ਵਿਚ ਭਾਈ ਸੁਖਜਿੰਦਰ ਸਿੰਘ ਮੋਨੀ ਹਜ਼ੂਰੀ ਰਾਗੀ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਵਾਲੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨਗੇ, ਜਦਕਿ ਭਾਈ ਪਿ੍ਤਪਾਲ ਸਿੰਘ ਬਰਗਾੜੀ ਵਾਲਿਆਂ ਦਾ ਕਵੀਸ਼ਰੀ ਜਥਾ ਸੰਗਤਾਂ ਦੀ ਗੁਰਇਤਿਹਾਸ ਨਾਲ ਸਾਂਝ ਪਵਾਏਗਾ | ਬਾਬਾ ਲੀਡਰ ਸਿੰਘ ਨੇ ਦੱਸਿਆ ਕਿ ਸਮਾਗਮ ਵਿਚ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਾਬਾ ਸ਼ਮਸ਼ੇਰ ਸਿੰਘ ਨਰਾਇਣਸਰ ਜਾਤੀਕੇ ਵਾਲੇ ਤੋਂ ਇਲਾਵਾ ਹੋਰ ਧਾਰਮਿਕ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੀਆਂ ਤੇ ਸਮਾਗਮ ਦੌਰਾਨ ਸਟੇਜ ਸਕੱਤਰ ਦੇ ਫ਼ਰਜ਼ ਗਿਆਨੀ ਗੁਰਦੀਪ ਸਿੰਘ ਕਾਹਨਪੁਰੀ ਤੇ ਭਾਈ ਜਤਿੰਦਰ ਸਿੰਘ ਤੁੜ ਵਲੋਂ ਨਿਭਾਈ ਜਾਵੇਗੀ | ਉਨ੍ਹਾਂ ਸੰਗਤਾਂ ਨੂੰ ਇਸ ਸਮਾਗਮ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਕਿਹਾ |