ਕਪੂਰਥਲਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਦਰਿਆ ਬਿਆਸ ਦੇ ਮੰਡ ਖੇਤਰ ਦੇ ਪਿੰਡਾਂ ਬਾਘੂਵਾਲ, ਕੰਮੇਵਾਲ ਤੇ ਹੋਰ ਲੋੜਵੰਦ ਕਿਸਾਨਾਂ ਨੂੰ ਕਣਕ ਦਾ ਬੀਜ, ਖਾਦ ਤੇ ਡੀਜ਼ਲ ਮੁਹੱਈਆ ਕਰਵਾਇਆ ਜਾਵੇਗਾ | ਇਸ ਤੋਂ ਪਹਿਲਾਂ ਵੀ ਗੁਰੂ ਘਰ ਵਲੋਂ ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ, ਸੰਤ ਮਹਾਂਪੁਰਸ਼ਾਂ, ਪ੍ਰਵਾਸੀ ਭਰਾਵਾਂ, ਭੰਡਾਲ ਬੇਟ ਦੀਆਂ ਸੰਗਤਾਂ ਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਲੇਰਖਾਨਪੁਰ ਵਲੋਂ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲਗਾਤਾਰ ਇਕ ਮਹੀਨੇ ਤੋਂ ਵੱਧ ਸਮਾਂ ਲੰਗਰਾਂ ਦੀ ਤੇ ਪਸ਼ੂਆਂ ਦੇ ਚਾਰੇ ਦੀ ਸੇਵਾ ਨਿਰੰਤਰ ਜਾਰੀ ਰੱਖੀ ਗਈ | ਇਹ ਗੱਲ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਵਾਲਿਆਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਗੁਰੂ ਘਰ ਵਲੋਂ ਪਿੰਡ ਮਹੀਂਵਾਲ ਦੇ 10-15 ਪਰਿਵਾਰਾਂ ਨੂੰ 2 ਹਜ਼ਾਰ ਲੀਟਰ ਡੀਜ਼ਲ ਮੁਹੱਈਆ ਕਰਵਾਇਆ ਗਿਆ ਹੈ, ਇਸ ਤੋਂ ਇਲਾਵਾ ਪਿੰਡ ਸੰਗੋਜਲਾ ਨੇੜੇ ਰਹਿੰਦੇ 22 ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੀ ਗੁਰੂ ਕਾ ਲੰਗਰ ਵਰਤਾਇਆ ਗਿਆ ਤੇ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ਤੇ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ | ਉਨ੍ਹਾਂ ਲੰਗਰਾਂ ਦੀ ਸੇਵਾ ਵਿਚ ਪਾਏ ਗਏ ਯੋਗਦਾਨ ਲਈ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਾਬਾ ਸ਼ਮਸ਼ੇਰ ਸਿੰਘ ਨਰਾਇਣਸਰ ਵਾਲੇ, ਸੰਤ ਬਾਬਾ ਮਹਾਤਮਾ ਮੁਨੀ ਖੈੜਾ ਬੇਟ ਵਾਲਿਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਦਾਨੀ ਸ਼ਖ਼ਸੀਅਤਾਂ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਗੁਰੂ ਘਰ ਵਲੋਂ ਹੜ੍ਹ ਪੀੜਤ ਲੋਕਾਂ ਲਈ ਲੰਗਰਾਂ ਦੀ ਸੇਵਾ ਕੀਤੀ ਗਈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਉਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪੀੜਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਯਤਨਸ਼ੀਲ ਰਹਿਣਗੇ |