ਸੁਲਤਾਨਪੁਰ ਲੋਧੀ, 22 ਨਵੰਬਰ (ਨਰੇਸ਼ ਹੈਪੀ)-ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਤਹਿਸੀਲ ਸੁਲਤਾਨਪੁਰ ਲੋਧੀ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦਫ਼ਤਰ ਨੇੜੇ ਗੁਰਦੁਆਰਾ ਹੱਟ ਸਾਹਿਬ ਵਿਖੇ ਰਾਜਪ੍ਰੀਤ ਸਿੰਘ ਤਲਵੰਡੀ ਚੌਧਰੀਆਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਟੇਟ ਆਗੂ ਕਾਮਰੇਡ ਬਲਦੇਵ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਬਲਦੇਵ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਸਰਕਾਰ ਨੇ ਉਸਾਰੀ ਕਿਰਤੀਆਂ ਨੂੰ ਮਿਲਣ ਵਾਲੀਆਂ ਸਕੀਮਾਂ ਆਨਲਾਈਨ ਕੀਤੀਆਂ ਹਨ, ਉਸ ਦਿਨ ਤੋਂ ਹੀ ਉਸਾਰੀ ਕਿਰਤੀ ਸੇਵਾ ਕੇਂਦਰਾਂ ਵਿਚ ਧੱਕੇ ਖਾ ਰਹੇ ਹਨ ਤੇ 50 ਫ਼ੀਸਦੀ ਤੋਂ ਜ਼ਿਆਦਾ ਕਿਰਤੀਆਂ ਨੇ ਇਸੇ ਕਾਰਨ ਆਪਣੀਆਂ ਰਜਿਸਟਰੇਸ਼ਨ ਕੈਂਸਲ ਕਰਵਾ ਲਈਆਂ ਹਨ |ਉਨਾਂ ਦੱਸਿਆ ਕਿ ਪਾਰਲੀਮੈਂਟ ਵੱਲੋਂ ਸਾਲ 2009 ਵਿਚ ਸਿੱਖਿਆ ਅਧਿਕਾਰ ਕਾਨੂੰਨ ਪਾਸ ਕੀਤਾ ਗਿਆ ਸੀ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ 25 ਫ਼ੀਸਦੀ ਬੱਚੇ ਗਰੀਬਾਂ ਦੇ ਦਾਖਲ ਕੀਤੇ ਜਾਣ | ਇਹ ਕਾਨੂੰਨ 1 ਅਪ੍ਰੈਲ 2010 ਨੂੰ ਸਾਰੇ ਭਾਰਤ ਵਿਚ ਲਾਗੂ ਕਰਨਾ ਸੀ ਜੋ ਕਿ ਨਹੀਂ ਕੀਤਾ ਗਿਆ | ਉਨਾਂ ਦੱਸਿਆ ਕਿ ਇਸ ਬਾਰੇ 2024 ਵਿਚ ਰਿੱਟ ਪਟੀਸ਼ਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਾਈ ਗਈ ਸੀ ਜਿਸ ਦਾ ਫ਼ੈਸਲਾ 19 ਫਰਵਰੀ 2025 ਨੂੰ ਕੀਤਾ ਗਿਆ ਸੀ ਕਿ 25 ਫ਼ੀਸਦੀ ਗਰੀਬਾਂ ਦੇ ਬੱਚੇ ਸਕੂਲਾਂ ਵਿਚ ਦਾਖਲ ਕੀਤੇ ਜਾਣ ਜੋ ਅੱਜ ਤੱਕ ਨਹੀਂ ਕੀਤੇ ਜਾ ਰਹੇ | ਇਸ ਤੋਂ ਇਲਾਵਾ ਮੀਟਿੰਗ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਲਾਭਪਾਤਰੀਆਂ ਦੀਆਂ ਜਮਾ ਕੀਤੀਆਂ ਹੋਈਆਂ ਵੱਖ-ਵੱਖ ਸਕੀਮਾਂ ਲਈ ਪੈਂਡਿੰਗ ਪਈਆਂ ਫਾਈਲਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾਵੇ ਤੇ ਆਨਲਾਈਨ ਸਿਸਟਮ ਓਟੀਪੀ ਬੰਦ ਪਏ ਨੂੰ ਮੁੜ ਬਹਾਲ ਕੀਤਾ ਜਾਵੇ ਜੋ ਕਿ ਆਪਣਾ ਸਟੇਟਸ ਚੈੱਕ ਕਰਨ ਸਮੇਂ ਓਟੀਪੀ ਆਉਂਦਾ ਹੈ, ਉਹ ਵੀ ਕਾਫ਼ੀ ਦਿਨਾਂ ਤੋਂ ਬੰਦ ਚੱਲ ਰਿਹਾ ਹੈ | ਇਸ ਮੌਕੇ ਰਾਜਪ੍ਰੀਤ ਸਿੰਘ ਤਲਵੰਡੀ ਚੌਧਰੀਆਂ, ਅਮਰੀਕ ਸਿੰਘ, ਚਰਨਜੀਤ ਸਿੰਘ, ਕਰਨੈਲ ਸਿੰਘ, ਨਿਰਮਲ ਸਿੰਘ, ਕੁਲਵੰਤ ਸਿੰਘ, ਕਰਤਾਰ ਸਿੰਘ, ਤਬਾਰਕ ਸਿੰਘ, ਵਿਸਾਖਾ ਸਿੰਘ, ਉਦੇ ਰਾਮ, ਰਣਜੀਤ ਸਿੰਘ ਨਿੱਕਾ ਆਦਿ ਹਾਜ਼ਰ ਸਨ |