ਨਡਾਲਾ, 5 ਦਸੰਬਰ (ਰਘਬਿੰਦਰ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ 'ਤੇ ਬਿਜਲੀ ਸੋਧ ਐਕਟ-2025 ਨੂੰ ਰੱਦ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਵਲੋਂ, ਜ਼ੋਨ ਪ੍ਰਧਾਨ ਨਿਸ਼ਾਨ ਸਿੰਘ, ਜ਼ੋਨ ਸਕੱਤਰ ਬਲਦੇਵ ਸਿੰਘ, ਜ਼ੋਨ ਸੰਗਠਿਤ ਸਕੱਤਰ ਕਮਲਜੀਤ ਸਿੰਘ ਦੀ ਅਗਵਾਈ ਹੇਠ ਦੋ ਘੰਟੇ ਲਈ ਰੇਲਾਂ ਰੋਕਣ ਦੇ ਸੰਕੇਤਕ ਧਰਨਾ ਦੇਣ ਦੇ ਐਲਾਨ ਨੂੰ ਸਫਲ ਕਰਨ ਲਈ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਜਾਣਾ ਸੀ ਪਰ ਪੰਜਾਬ ਸਰਕਾਰ ਵੱਲੋਂ ਪੁਲਿਸ ਦੀ ਮਦਦ ਨਾਲ ਕਿਸਾਨ ਆਗੂਆਂ ਨੂੰ ਨਡਾਲਾ ਚੌਂਕ ਵਿਖੇ ਰੋਕ ਲਿਆ ਗਿਆ ਤੇ ਨਡਾਲਾ ਚੌਂਕੀ 'ਚ ਨਜ਼ਰਬੰਦ ਕਰ ਦਿੱਤਾ | ਇਸ ਦੌਰਾਨ ਨਜ਼ਰਬੰਦ ਆਗੂਆਂ ਨੇ ਪੁਲਿਸ ਚੌਕੀ ਨਡਾਲਾ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਕੀਤਾ | ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਐਕਟ 2025 ਨੂੰ ਮੌਜੂਦਾ ਸਰਦ ਰੁੱਤ ਦੌਰਾਨ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੋਧ ਲਈ ਅੱਜ ਦੋ ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕਰਕੇ ਸੰਕੇਤਕ ਧਰਨਾ ਦੇਣਾ ਸੀ ਪਰ ਸਰਕਾਰ ਵਲੋਂ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਆਗੂਆਂ ਨੂੰ ਪੁਲਿਸ ਵਲੋਂ ਡੀਟੇਨ ਕੀਤਾ ਗਿਆ | ਆਗੂਆਂ ਨੇ ਕਿਹਾ ਉਹ ਸਰਕਾਰ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਗੇ ਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਜ਼ੋਨ ਖ਼ਜ਼ਾਨਚੀ ਬਲਵਿੰਦਰ ਸਿੰਘ, ਜ਼ੋਨ ਆਗੂ ਰਣਜੀਤ ਸਿੰਘ, ਸਹਾਇਕ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ, ਸਵਰਨ ਸਿੰਘ, ਬਸੰਤ ਸਿੰਘ, ਕਸ਼ਮੀਰ ਸਿੰਘ, ਜਗੀਰ ਸਿੰਘ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਬੂੜ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ, ਪਿਆਰਾ ਸਿੰਘ, ਲਛਮਣ ਸਿੰਘ, ਸੂਬੇਦਾਰ ਜਸਵੰਤ ਸਿੰਘ, ਭਜਨ ਸਿੰਘ, ਪਰਮਜੀਤ ਸਿੰਘ, ਦਿਲਬਾਗ ਸਿੰਘ, ਸਤਨਾਮ ਸਿੰਘ, ਪ੍ਰਗਟ ਸਿੰਘ, ਨਿਰਵੈਰ ਸਿੰਘ, ਜੋਗਿੰਦਰ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਮਜ਼ਦੂਰ ਹਾਜ਼ਰ ਸਨ |