ਕਪੂਰਥਲਾ, 7 ਦਸੰਬਰ (ਅਮਨਜੋਤ ਸਿੰਘ ਵਾਲੀਆ)-ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਦੇ ਦਿਸ਼ਾ ਨਿਰਦੇਸ਼ 'ਤੇ ਨਿਗਮ ਦੇ ਇੰਸਪੈਕਟਰ ਮਨੋਜ ਰੱਤੀ ਦੀ ਅਗਵਾਈ ਵਿਚ ਤਹਿਬਾਜ਼ਾਰੀ ਟੀਮ ਵਲੋਂ ਟਰੈਫ਼ਿਕ, ਪੀ.ਸੀ.ਆਰ. ਤੇ ਥਾਣਾ ਸਿਟੀ ਪੁਲਿਸ ਦੇ ਸਹਿਯੋਗ ਨਾਲ ਐਤਵਾਰ ਨੂੰ ਭਗਤ ਸਿੰਘ ਚੌਕ ਨੇੜੇ ਰੈੱਡ ਕਰਾਸ ਮਾਰਕੀਟ ਵਿਚ ਲੱਗਦੇ ਸੰਡੇ ਬਾਜ਼ਾਰ ਦਾ ਦੌਰਾ ਕੀਤਾ ਗਿਆ ਅਤੇ ਮਿੱਥੀ ਹੱਦ ਤੋਂ ਬਾਹਰ ਸਮਾਨ ਰੱਖਣ ਵਾਲੇ ਤੇ ਫੜੀਆਂ ਲਗਾਉਣ ਵਾਲੇ ਦੁਕਾਨਦਾਰਾਂ ਦੇ ਸਾਮਾਨ ਜ਼ਬਤ ਕੀਤੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਇੰਸਪੈਕਟਰ ਮਨੋਜ ਰੱਤੀ ਨੇ ਦੱਸਿਆ ਕਿ ਨਗਰ ਨਿਗਮ ਦੀ ਕਮਿਸ਼ਨ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਰੈੱਡ ਕਰਾਸ ਮਾਰਕੀਟ ਵਿਚ ਲੱਗਦੇ ਸੰਡੇ ਬਾਜ਼ਾਰ ਕਾਰਨ ਆਮ ਲੋਕਾਂ ਤੇ ਐਮਰਜੈਂਸੀ ਦੌਰਾਨ ਐਂਬੂਲੈਂਸ ਨੂੰ ਸੜਕ ਤੋਂ ਲੰਘਣ ਸਮੇਂ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਤਹਿਤ ਅੱਜ ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਵਲੋਂ ਰੈੱਡ ਕਰਾਸ ਮਾਰਕੀਟ ਦਾ ਦੌਰਾ ਕੀਤਾ ਗਿਆ ਤੇ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਤੇ ਫੜੀਆਂ ਵਾਲਿਆਂ ਦਾ ਸਮਾਨ ਜ਼ਬਤ ਕੀਤਾ | ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਸੰਡੇ ਮਾਰਕੀਟ ਲਈ ਅੱਡਾ ਲਗਾਉਣਾ ਹੈ ਤਾਂ ਉਨ੍ਹਾਂ ਲਈ ਜਲੰਧਰ ਰੋਡ 'ਤੇ ਮਨਸੂਰਵਾਲ ਪਟਾਕਾ ਮਾਰਕੀਟ ਨੇੜੇ ਸ਼ਮਸ਼ਾਨਘਾਟ ਨਿਸ਼ਚਿਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਸੜਕ ਕਿਨਾਰੇ ਫੜੀਆਂ ਲਗਾਉਣ ਵਾਲਿਆਂ ਦਾ ਸਮਾਨ ਜ਼ਬਤ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਚਲਾਨ ਵੀ ਕੱਟੇ ਜਾਣਗੇ | ਇਸ ਮੌਕੇ ਟਰੈਫ਼ਿਕ ਪੁਲਿਸ ਇੰਚਾਰਜ ਇੰਸਪੈਕਟਰ ਦਰਸ਼ਨ ਸਿੰਘ, ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ. ਚਰਨਜੀਤ ਸਿੰਘ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਦੇ ਆਨਰੇਰੀ ਸਕੱਤਰ ਆਰ.ਸੀ.ਬਿਰਹਾ, ਏ.ਐਸ.ਆਈ. ਪਰਮਜੀਤ ਸਿੰਘ, ਏ.ਐਸ.ਆਈ. ਮੰਗਲ ਸਿੰਘ, ਏ.ਐਸ.ਆਈ. ਦਵਿੰਦਰ ਸਿੰਘ ਨਿਗਮ ਦੇ ਕਰਨਵੀਰ ਮੌਂਟੀ, ਨਵਜੋਤ ਸਿੰਘ, ਦੀਪਕ ਤੇ ਹੋਰ ਕਰਮਚਾਰੀ ਹਾਜ਼ਰ ਸਨ |