ਕਪੂਰਥਲਾ, 7 ਦਸੰਬਰ (ਵਿ.ਪ੍ਰ.)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਵਿਚ ਵਿਸ਼ਵ ਏਡਜ਼ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇਤਿਹਾਸ ਵਿਭਾਗ ਦੀ ਪ੍ਰੋ. ਮਨਪ੍ਰੀਤ ਕੌਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ | ਉਨ੍ਹਾਂ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿਚ ਏਡਜ਼ ਹੋਣ ਦੇ ਅਸਲ ਕਾਰਨਾਂ, ਇਸ ਦੇ ਬਚਾਅ, ਇਲਾਜ ਦੀਆਂ ਸਹੂਲਤਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਏਡਜ਼ ਇਕ ਬਿਮਾਰੀ ਹੈ, ਪਰ ਇਸ ਨਾਲ ਜੁੜੀਆਂ ਗਲਤ ਫਹਿਮੀਆਂ ਬਿਮਾਰੀਆਂ ਤੋਂ ਵੀ ਵੱਧ ਖ਼ਤਰਨਾਕ ਹਨ ਤੇ ਜਾਗਰੂਕਤਾ ਹੀ ਬਚਾਅ ਦਾ ਸਹੀ ਰਸਤਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਮਾਜ ਵਿਚ ਏਡਜ਼ ਪੀੜਤ ਲੋਕਾਂ ਨਾਲ ਸਮਾਨਤਾ, ਸਹਿਯੋਗ ਤੇ ਹਮਦਰਦੀ ਨਾਲ ਪੇਸ਼ ਆਉਣ | ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਯੂਨਿਟ ਅਤੇ ਈਕੋ ਕਲੱਬ ਨਾਲ ਸਬੰਧਿਤ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਪੋਸਟਰ ਵੀ ਪ੍ਰਦਰਸ਼ਿਤ ਕੀਤੇ ਗਏ | ਕਾਲਜ ਦੇ ਪਿ੍ੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨੌਜਵਾਨ ਪੀੜੀ ਨੂੰ ਸਿਹਤ ਪ੍ਰਤੀ ਜਾਗਰੂਕ ਤੇ ਜ਼ਿੰਮੇਵਾਰ ਬਣਾਉਂਦੇ ਹਨ | ਉਨ੍ਹਾਂ ਬਹੁਤ ਸਾਰੀਆਂ ਮਿਸਾਲਾਂ ਰਾਹੀਂ ਵਿਦਿਆਰਥੀਆਂ ਨੂੰ ਮਨੁੱਖਤਾ, ਸਹਿਯੋਗ ਅਤੇ ਜਾਣਕਾਰੀ ਨੂੰ ਤਰਜ਼ੀਹ ਦੇਣ ਲਈ ਪ੍ਰੇਰਿਤ ਕੀਤਾ | ਸਮਾਗਮ ਦੀ ਸਮਾਪਤੀ 'ਤੇ ਕਾਲਜ ਦੇ ਐਨ.ਐਸ.ਐਸ. ਯੂਨਿਟ ਵਲੋਂ ਮੁੱਖ ਬੁਲਾਰੇ ਤੇ ਹੋਰ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ |