ਜਲੰਧਰ, 20 ਦਸੰਬਰ (ਜਸਪਾਲ ਸਿੰਘ)-ਪ੍ਰੈੱਸ ਕਲੱਬ ਦੀਆਂ ਹਾਲ ਹੀ 'ਚ ਹੋਈਆਂ ਚੋਣਾਂ 'ਚ ਨਵੀਂ ਚੁਣੀ ਗਵਰਨਿੰਗ ਕੌਂਸਲ ਅੱਜ ਪਹਿਲੀ ਮੀਟਿੰਗ ਲਈ ਇਕੱਤਰ ਹੋਈ | ਇਸ ਮੌਕੇ ਕਲੱਬ ਦੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਅਤੇ ਸਮੁੱਚੀ ਟੀਮ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਰਸਮੀ ਤੌਰ 'ਤੇ ਸਵਾਗਤ ਕੀਤਾ | ਜ਼ਿਕਰਯੋਗ ਹੈ ਕਿ ਜਤਿੰਦਰ ਪਾਲ ਸਿੰਘ ਪਿਛਲੇ ਤਕਰੀਬਨ ਵੀਹ ਸਾਲਾਂ ਤੋਂ ਲਗਾਤਾਰ ਕਲੱਬ 'ਚ ਆਪਣੀਆਂ ਸੇਵਾਵਾਂ ਦਿੰਦੇ ਆ ਰਹੇ ਹਨ ਤੇ ਇਸ ਦੌਰਾਨ ਉਨ੍ਹਾਂ ਵਲੋਂ ਮੀਡੀਆ ਜਗਤ ਤੋਂ ਇਲਾਵਾ ਸਿਆਸੀ, ਧਾਰਮਿਕ ਅਤੇ ਸਮਾਜਿਕ ਹਸਤੀਆਂ ਨਾਲ ਇੱਕ ਸੁਚਾਰੂ ਰਾਬਤਾ ਕਾਇਮ ਰੱਖਦਿਆਂ ਸੰਸਥਾ ਲਈ ਸਮਰਪਿਤ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ | ਅੱਜ ਉਨ੍ਹਾਂ ਨੇ ਨਵੀਂ ਚੁਣੀ ਟੀਮ ਨਾਲ ਕਲੱਬ ਦਾ ਦੌਰਾ ਕਰਦਿਆਂ ਕਲੱਬ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਮਾਣਕ ਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਸ਼ਲਾਘਾਯੋਗ ਕਾਰਜਾਂ 'ਤੇ ਰੌਸ਼ਨੀ ਪਾਉਂਦਿਆਂ ਭਵਿੱਖ 'ਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੀ ਜਾਣੂ ਕਰਵਾਇਆ | ਇਸ ਮੌਕੇ ਕਲੱਬ ਦੇ ਨਵੇਂ ਬਣੇ ਪ੍ਰਧਾਨ ਤੇ ਸਮੁੱਚੀ ਟੀਮ ਨੇ ਇਨ੍ਹਾਂ ਕੰਮਾਂ ਨੂੰ ਜਲਦ ਨੇਪਰੇ ਚੜ੍ਹਾਉਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਸੀਨੀਅਰ ਮੀਤ-ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸਕੱਤਰ ਪੁਨੀਤ ਸਹਿਗਲ, ਖਜ਼ਾਨਚੀ ਸ਼ਿਵ ਕੁਮਾਰ ਸ਼ਰਮਾ, ਸਕੱਤਰ ਰਾਜੇਸ਼ ਸ਼ਰਮਾ ਯੋਗੀ, ਸੰਯੁਕਤ-ਸਕੱਤਰ ਸੁਕਰਾਂਤ ਸਫ਼ਰੀ ਅਤੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਹਾਜ਼ਰ ਸਨ |