ਜਲੰਧਰ, 20 ਦਸੰਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਵਲੋਂ ਆਪਣੇ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਦੀ ਲਗਨ ਅਤੇ ਸਰਾਹਣਯੋਗ ਸੇਵਾ ਨੂੰ ਸਨਮਾਨਿਤ ਕਰਨ ਦੇ ਮੰਤਵ ਨਾਲ ਪੁਲਿਸ ਲਾਈਨਜ਼, ਜਲੰਧਰ ਵਿਖੇ 'ਪੁਲਿਸ ਪੈਨਸ਼ਨਰਜ਼ ਦਿਵਸ' ਮਨਾਇਆ ਗਿਆ, ਜਿਸ ਦੌਰਾਨ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਅਤੇ ਏ.ਡੀ.ਸੀ.ਪੀ (ਸਥਾਨਕ) ਸੁਖਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਜ਼ਿਲ੍ਹਾ ਪੁਲਿਸ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਚਰਨ ਸਿੰਘ ਬਾਠ ਵਲੋਂ ਸਾਲਾਨਾ ਰਿਪੋਰਟ ਪੜ੍ਹੀ ਗਈ, ਜਿਸ 'ਚ ਪੁਲਿਸ ਪੈਨਸ਼ਨਰਾਂ ਦੀ ਭਲਾਈ ਲਈ ਐਸੋਸੀਏਸ਼ਨ, ਪੁਲਿਸ ਵਿਭਾਗ ਅਤੇ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਚੰਦਰ ਕੈਲਾਸ਼, ਹਰਦੇਵ ਸਿੰਘ, ਸੋਹਨ ਲਾਲ ਅਤੇ ਮਹਿੰਦਰ ਸਿੰਘ (ਸਾਰੇ ਸੇਵਾ ਮੁਕਤ ਡੀ.ਐਸ.ਪੀ) ਸਮੇਤ 6 ਹੋਰ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਨਿਸ਼ਕਾਮ ਅਤੇ ਸਮਰਪਿਤ ਸੇਵਾ ਲਈ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਕਈ ਸੇਵਾ ਮੁਕਤ ਅਧਿਕਾਰੀਆਂ ਵਲੋਂ ਆਪਣੀ ਸੇਵਾ ਦੌਰਾਨ ਹੋਏ ਤਜੁਰਬੇ, ਯਾਦਗਾਰ ਘਟਨਾਵਾਂ ਅਤੇ ਡਿਊਟੀ ਸਮੇਂ ਆਈਆਂ ਚੁਣੌਤੀਆਂ ਸਾਂਝੀਆਂ ਕੀਤੀਆਂ ਗਈਆਂ |