ਕਪੂਰਥਲਾ, 21 ਦਸੰਬਰ (ਅਮਰਜੀਤ ਕੋਮਲ)-ਰਿਆਸਤੀ ਸ਼ਹਿਰ ਕਪੂਰਥਲਾ ਦੇ ਮੁਹੱਲਾ ਸ਼ੇਰਗੜ੍ਹ, ਸ਼ਿਵ ਕਾਲੋਨੀ ਤੇ ਪਰਮਜੀਤ ਗੰਜ ਵਿਚ ਅੰਮਿ੍ਤ-2 ਸਕੀਮ ਤਹਿਤ ਪੁਰਾਣੇ ਪਾਣੀ ਦੇ ਪਾਈਪ ਬਦਲਣ ਸਬੰਧੀ ਪਿਛਲੇ ਦਿਨੀਂ ਆਰੰਭ ਹੋਇਆ ਇਹ ਕਾਰਜ ਅੱਜ ਇਕ ਅਧਿਕਾਰੀ ਵਲੋਂ ਕੀਤੇ ਗਏ ਫ਼ੋਨ ਤੋਂ ਬਾਅਦ ਠੱਪ ਹੋ ਜਾਣ ਕਾਰਨ ਮੁਹੱਲਾ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਕੰਮ ਬੰਦ ਹੋਣ ਤੋਂ ਬਾਅਦ ਰੋਹ ਵਿਚ ਆਏ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਾਈਪਾਂ ਪਾਉਣ ਦਾ ਕੰਮ ਮੁੜ ਸ਼ੁਰੂ ਨਾ ਹੋਇਆ ਤਾਂ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ | ਇੱਥੇ ਵਰਨਣਯੋਗ ਹੈ ਕਿ ਬੀਤੇ ਦਿਨ ਸਥਾਨਕ ਮੁਹੱਲਾ ਸ਼ਿਵ ਕਾਲੋਨੀ 'ਚ ਅੰਮਿ੍ਤ-2 ਸਕੀਮ ਤਹਿਤ 26 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਏ ਇਸ ਕਾਰਜ ਦਾ ਨਿਰੀਖਣ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ ਸੀ ਤੇ ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਅੰਮਿ੍ਤ-2 ਸਕੀਮ ਉਨ੍ਹਾਂ ਦੇ ਯਤਨਾ ਸਦਕਾ ਪ੍ਰਵਾਨ ਹੋਈ ਹੈ ਤੇ ਇਸ ਸਕੀਮ ਤਹਿਤ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਪਾਣੀ ਸਪਲਾਈ ਕਰਨ ਵਾਲੀਆਂ ਖਸਤਾ ਹਾਲ ਪਾਈਪਾਂ ਨੂੰ ਬਦਲੇ ਜਾਣ ਤੋਂ ਬਾਅਦ ਸ਼ਹਿਰ ਦੇ ਲੋਕਾਂ ਨੂੰ 100 ਫ਼ੀਸਦੀ ਸਾਫ਼ ਸੁਥਰਾ ਪਾਣੀ ਮਿਲੇਗਾ | ਪਰੰਤੂ ਇਨ੍ਹਾਂ ਤਿੰਨਾਂ ਥਾਵਾਂ 'ਤੇ ਪਾਈਪ ਬਦਲਣ ਦਾ ਚੱਲ ਰਿਹਾ ਕੰਮ ਬੰਦ ਹੋਣ 'ਤੇ ਇਨ੍ਹਾਂ ਖੇਤਰਾਂ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਨਗਰ ਨਿਗਮ ਵਿਰੁੱਧ ਨਾਅਰੇਬਾਜ਼ੀ ਕੀਤੀ | ਮੌਕੇ 'ਤੇ ਪਹੁੰਚੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਕਿ ਆਪ ਦੇ ਹਲਕਾ ਇੰਚਾਰਜ ਵਲੋਂ ਕਥਿਤ ਤੌਰ 'ਤੇ ਦਖ਼ਲ-ਅੰਦਾਜ਼ੀ ਕਰਕੇ ਇਸ ਕਾਰਜ ਨੂੰ ਰੋਕੇ ਜਾਣ ਕਾਰਨ ਲੋਕਾਂ ਵਿਚ ਗੁੱਸਾ ਤੇ ਰੋਸ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਪਾਣੀ ਸਪਲਾਈ ਕਰਨ ਵਾਲੀਆਂ ਪੁਰਾਣੀਆਂ ਪਾਈਪਾਂ ਨੂੰ ਬਦਲਣ ਲਈ ਕੋਈ ਯਤਨ ਨਹੀਂ ਕੀਤਾ ਤੇ ਹੁਣ ਰਾਣਾ ਗੁਰਜੀਤ ਸਿੰਘ ਦੇ ਉਪਰਾਲੇ ਨਾਲ ਸ਼ੁਰੂ ਹੋਇਆ ਕੰਮ ਨੂੰ ਬੌਖਲਾਹਟ ਵਿਚ ਆ ਕੇ ਰੋਕਿਆ ਜਾ ਰਿਹਾ ਹੈ | ਪਰ ਕਾਂਗਰਸ ਆਗੂ ਵਰਕਰ ਤੇ ਵੱਖ-ਵੱਖ ਖੇਤਰਾਂ ਦੇ ਲੋਕ ਇਸਦਾ ਡੱਟਕੇ ਵਿਰੋਧ ਕਰਨਗੇ | ਇਹ ਵੀ ਪਤਾ ਲੱਗਾ ਹੈ ਕਿ ਇਹ ਕੰਮ ਪਿਛਲੇ ਕਰੀਬ ਇਕ ਮਹੀਨੇ ਤੋਂ ਸ਼ਿਵ ਕਲੋਨੀ ਤੇ ਇਸਦੇ ਨੇੜਲੇ ਮੁਹੱਲਿਆਂ ਵਿਚ ਚੱਲ ਰਿਹਾ ਸੀ ਤੇ ਬੀਤੇ ਦਿਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਿਰੀਖਣ ਕੀਤਾ | ਅੱਜ ਦੀ ਘਟਨਾ ਸਮੇਂ ਪਾਈਪ ਪਾਉਣ ਲਈ ਪੁੱਟੇ ਗਏ ਟੋਇਆਂ ਵਿਚ ਪਾਈਪ ਰੱਖ ਵੀ ਦਿੱਤੇ ਗਏ ਸਨ ਪਰ ਸਿਆਸੀ ਦਬਾਅ ਹੇਠ ਪਾਈਪ ਫਿਰ ਬਾਹਰ ਕੱਢ ਕੇ ਮਿੱਟੀ ਪਾ ਕੇ ਟੋਏ ਪੂਰ ਦਿੱਤੇ ਗਏ | ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਕੌਂਸਲਰ ਬਲਜੀਤ ਸਿੰਘ ਕਾਲਾ, ਕੌਂਸਲਰ ਕਰਨ ਮਹਾਜਨ, ਅਨਿਲ ਸ਼ੁਕਲਾ, ਕੁਲਦੀਪ ਸਿੰਘ, ਕਿੱਕੀ ਵਾਲੀਆ, ਜਤਿਨ ਸ਼ਰਮਾ, ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਕੱਤਰ ਮਨਪ੍ਰੀਤ ਸਿੰਘ ਮਾਂਗਟ, ਨਰੈਣ ਵਸ਼ਿਸ਼ਟ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |