ਨਡਾਲਾ, 21 ਦਸੰਬਰ (ਰਘਬਿੰਦਰ ਸਿੰਘ)-ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਦੋ ਸਾਥੀਆਂ 'ਤੇ ਇਕ ਪੁਰਾਣੇ ਪਰਚੇ ਵਿਚ ਨਾਂਅ ਨਾਮਜ਼ਦ ਹੋਣ 'ਤੇ ਅੱਜ ਖਹਿਰਾ ਨੇ ਕਿਹਾ ਕਿ ਪੁਲਿਸ ਰਿਕਾਰਡ ਦੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕੁਲਦੀਪ ਸਿੰਘ ਸਰਪੰਚ ਤੇ ਕਰਨਦੀਪ ਸਿੰਘ ਖੱਖ ਉਨ੍ਹਾਂ ਦੇ ਦਫ਼ਤਰੀ ਸਕੱਤਰ ਜੋ ਭੁਲੱਥ ਤੋਂ ਕਾਂਗਰਸ ਨਾਲ ਜੁੜੇ ਸੀਨੀਅਰ ਸਾਥੀ ਹਨ, ਨੂੰ ਜਾਣ-ਬੁੱਝ ਕੇ ਝੂਠੇ ਤੌਰ 'ਤੇ ਪੁਰਾਣੇ ਕੇਸ ਵਿਚ ਨਾਮਜ਼ਦ ਕਰਕੇ ਫਸਾਇਆ ਗਿਆ ਹੈ, ਜੋ ਕਿ ਸਾਫ਼ ਤੌਰ 'ਤੇ ਲੋਕਤੰਤਰਿਕ ਵਿਰੋਧ ਨੂੰ ਕੁਚਲਣ ਦੀ ਸਿਆਸੀ ਨੀਅਤ ਨੂੰ ਬੇਨਕਾਬ ਕਰਦੀ ਹੈ | ਉਨ੍ਹਾਂ ਕਿਹਾ ਕਿ ਇਹ ਬੇਰੋਕ ਬਦਲਾਖੋਰੀ ਅੱਜ ਨਹੀਂ ਸ਼ੁਰੂ ਹੋਈ, ਇਹ ਉਸ ਵੇਲੇ ਸ਼ੁਰੂ ਹੋਈ ਜਦੋਂ ਆਮ ਆਦਮੀ ਪਾਰਟੀ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਕਾਰਨ ਮੇਰੇ ਖ਼ਿਲਾਫ਼ ਪੰਜ ਝੂਠੇ ਕੇਸ ਦਰਜ ਕੀਤੇ ਗਏ, ਜਿਸ ਦੇ ਨਤੀਜੇ ਵਜੋਂ ਮੈਨੂੰ ਕਰੀਬ ਪੰਜ ਮਹੀਨੇ ਤੱਕ ਗ਼ੈਰਕਾਨੰੂਨੀ ਤੌਰ 'ਤੇ ਜੇਲ੍ਹ ਵਿਚ ਰੱਖਿਆ ਗਿਆ | ਜਦੋਂ ਇਹ ਸਰਕਾਰ ਮੈਨੂੰ ਚੁੱਪ ਕਰਵਾਉਣ ਵਿਚ ਅਸਫਲ ਰਹੀ ਤਾਂ ਹੁਣ ਮੇਰੇ ਸਾਥੀਆਂ, ਸਮਰਥਕਾਂ ਤੇ ਕਾਂਗਰਸੀ ਵਰਕਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਪਿੰਡ ਪੱਧਰ ਤੱਕ ਆਪਣੀ ਬਦਲਾਖੋਰੀ ਫੈਲਾ ਦਿੱਤੀ ਹੈ |