ਸੁਲਤਾਨਪੁਰ ਲੋਧੀ, 22 ਦਸੰਬਰ (ਥਿੰਦ)-ਐਂਟੀ ਡਰੱਗ ਕਲੱਬ ਦੁਆਬਾ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਸ਼ੁਰੂ ਕੀਤੀ ਜਾਗਰੂਕ ਮੁਹਿੰਮ ਤਹਿਤ ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਜਗੀਰ, ਨੱਥੂਪੁਰ, ਕਰਮਜੀਤ ਪੁਰ ਅਤੇ ਲੋਹੀਆਂ ਵਿਖੇ ਸੈਮੀਨਾਰ ਕਰਵਾਏ ਗਏ | ਇਸ ਮੌਕੇ ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ ਅਤੇ ਨਵਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ | ਪੰਜਾਬੀ ਜਿੱਥੇ ਬਹਾਦਰ ਹਨ ਉੱਥੇ ਹੀ ਇਨ੍ਹਾਂ ਦਾ ਮਾਣਮੱਤਾ ਤੇ ਕੁਰਬਾਨੀਆਂ ਭਰਿਆ ਇਤਿਹਾਸ ਦੁਨੀਆ ਲਈ ਚਾਨਣ-ਮੁਨਾਰਾ ਹੈ | ਇਸ ਮੌਕੇ ਅਨੀਤਾ ਧੀਰ, ਨਵਨੀਤ ਕੌਰ, ਮਨਮੀਤ ਕੌਰ, ਕਰਨਦੀਪ ਸਿੰਘ ਤੇ ਸਾਜਲ ਨੇ ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਸਖ਼ਤ ਮਿਹਨਤ ਕਰਕੇ ਆਪਣੇ ਮਾਪਿਆਂ ਤੇ ਦੇਸ਼ ਦਾ ਨਾਂਅ ਉੱਚਾ ਕਰਨ | ਉਨ੍ਹਾਂ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਬਹੁਤ ਵੱਡੀਆਂ ਆਸਾਂ ਹੁੰਦੀਆਂ ਹਨ ਤੇ ਬੱਚਿਆਂ ਦਾ ਫ਼ਰਜ਼ ਬਣਦਾ ਆਪਣੀਆਂ ਮਾਪਿਆਂ ਦੀਆਂ ਆਸਾਂ ਦੇ ਪੂਰਾ ਉੱਤਰਨ | ਇਸ ਮੌਕੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਨ ਪ੍ਰਤੀ ਸਹੁੰ ਚੁਕਾਈ ਗਈ | ਇਸ ਮੌਕੇ ਪਿ੍ੰਸੀਪਲ ਅਨੀਤਾ ਧੀਰ ਤੇ ਅਨੁਰਾਧਾ ਡੋਗਰਾ ਵਲੋਂ ਐਂਟੀ ਡਰੱਗ ਕਲੱਬ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਕਰਨਦੀਪ ਸਿੰਘ, ਮਨਮੀਤ ਕੌਰ, ਪੁਨੀਤ, ਰਮਨ ਆਦਿ ਵਲੋਂ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਸੁਚੇਤ ਕਰਦਿਆਂ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ |