ਕਪੂਰਥਲਾ, 22 ਦਸੰਬਰ (ਅਮਰਜੀਤ ਸਿੰਘ ਸਡਾਨਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਅੰਮਿ੍ਤ-2 ਪ੍ਰਾਜੈਕਟ ਤਹਿਤ ਸਾਰੇ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਸੁਚਾਰੂ ਕਰਨ ਲਈ ਨਵੀਆਂ ਪਾਈਪ ਲਾਈਨ ਪਾਉਣ ਦਾ ਕੰਮ ਪਿਛਲੇ ਕੁੱਝ ਦਿਨਾ ਤੋਂ ਚੱਲ ਰਿਹਾ ਹੈ, ਪਰ ਬੀਤੇ ਦਿਨ ਮੁਹੱਲਾ ਸ਼ੇਰਗੜ੍ਹ, ਪਰਮਜੀਤ ਗੰਜ ਤੇ ਸ਼ਿਵ ਕਾਲੋਨੀ ਵਿਖੇ ਇਸ ਕੰਮ ਦੇ ਬੰਦ ਹੋਣ ਕਾਰਨ ਸਿਆਸੀ ਗਲਿਆਰਿਆਂ ਵਿਚ ਹਲਚਲ ਪੈਦਾ ਹੋ ਗਈ ਹੈ | ਕਾਂਗਰਸੀ ਆਗੂਆਂ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ 'ਤੇ ਇਸ ਕੰਮ ਨੂੰ ਜਾਣ ਬੁੱਝ ਕੇ ਬੰਦ ਕਰਵਾਉਣ ਦੇ ਦੋਸ਼ ਲਗਾਏ ਜਾ ਰਹੇ ਹਨ | ਜਿਨ੍ਹਾਂ ਦੋਸ਼ਾਂ ਨੂੰ 'ਆਪ' ਆਗੂ ਵਲੋਂ ਨਕਾਰਿਆ ਗਿਆ ਤੇ ਉਨ੍ਹਾਂ ਕਿਹਾ ਕਿ ਉਹ ਕੋਈ ਨਵਾਂ ਕੰਮ ਕਰਵਾ ਤਾਂ ਸਕਦੇ ਹਨ ਪਰ ਕੰਮ ਰੁਕਵਾਉਣ ਵਿਚ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ | ਇਸੇ ਸੰਬੰਧੀ ਅੱਜ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵਲੋਂ ਸਖ਼ਤ ਯਤਨਾਂ ਤਹਿਤ ਕੇਂਦਰ ਸਰਕਾਰ ਰਾਹੀਂ ਸ਼ਹਿਰ ਨਿਵਾਸੀ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ਲਈ ਇਹ ਪ੍ਰਾਜੈਕਟ ਪਾਸ ਕਰਵਾਇਆ ਗਿਆ ਸੀ, ਜਿਸ ਦਾ ਕੰਮ ਕੁੱਝ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਜਿਸ ਨੂੰ ਕਿ ਸਿਆਸੀ ਦਬਾਅ ਹੇਠ ਰੁਕਵਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਚੁਣੇ ਹੋਏ ਨੁਮਾਇੰਦੇ ਹਨ ਤੇ ਉਨ੍ਹਾਂ ਵਲੋਂ ਚਾਹੇ ਸੀਵਰੇਜ ਹੋਏ ਜਾਂ ਪੀਣ ਵਾਲਾ ਪਾਣੀ ਇਸ ਦੇ ਸੁਚਾਰੂ ਪ੍ਰਬੰਧ ਕਰਵਾਉਣ ਲਈ ਲੰਬੇ ਸਮੇਂ ਤੋਂ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਪ੍ਰਤੀ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਤੇ ਉਹ ਆਪਣੇ ਹਲਕੇ ਦੇ ਲੋਕਾਂ ਲਈ ਹਰ ਸਮੇਂ ਖੜ੍ਹੇ ਹਨ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਹਲਕਾ ਇੰਚਾਰਜ ਪਾਸ ਕੋਈ ਇਸ ਤਰ੍ਹਾਂ ਦਾ ਸੰਵਿਧਾਨਕ ਅਧਿਕਾਰ ਨਹੀਂ ਕਿ ਉਹ ਕੋਈ ਕੰਮ ਕਰਵਾ ਸਕੇ ਪਰ ਸਿਆਸੀ ਦਬਾਅ ਹੇਠ ਚੱਲ ਰਹੇ ਕੰਮ ਵਿਚ ਉਨ੍ਹਾਂ ਵਲੋਂ ਅੜਚਣ ਪੈਦਾ ਕੀਤੀ ਜਾ ਰਹੀ ਹੈ, ਜਿਸ ਨੂੰ ਉਹ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਇਹ ਬੰਦ ਕਰਵਾਇਆ ਕੰਮ ਤੁਰੰਤ ਚਾਲੂ ਨਾ ਕੀਤਾ ਗਿਆ ਤਾਂ ਉਹ ਇਸ ਸੰਬੰਧੀ ਕੇਂਦਰ ਸਰਕਾਰ ਨੂੰ ਪੱਤਰ ਲਿਖਣਗੇ ਤੇ ਸਾਰੇ ਘਟਨਾਕ੍ਰਮ ਤੋਂ ਜਾਣੂ ਕਰਵਾਉਣਗੇ | ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਨੂੰ ਸੰਘਰਸ਼ ਵੀ ਕਰਨਾ ਪਿਆ ਤਾਂ ਉਹ ਇਸ ਦਾ ਵੀ ਜਲਦੀ ਐਲਾਨ ਕਰਨਗੇ | ਹਲਕਾ ਵਿਧਾਇਕ ਨੇ ਕਿਹਾ ਕਿ ਸੰਬੰਧਿਤ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਦਬਾਅ ਦੇ ਵਿਕਾਸ ਕਾਰਜ ਨਿਰੰਤਰ ਜਾਰੀ ਰੱਖਣ | ਜੇਕਰ ਸੱਤਾਧਾਰੀ ਪਾਰਟੀ ਦੇ ਹਲਕਾ ਇੰਚਾਰਜ ਸ਼ਹਿਰ ਦੇ ਲੋਕਾਂ ਲਈ ਕੁਝ ਲੈ ਕੇ ਆਏ ਹਨ ਤਾਂ ਉਹ ਜ਼ਰੂਰ ਲੋਕਾਂ ਨੂੰ ਇਸ ਤੋਂ ਜਾਣੂ ਕਰਵਾਉਣ | ਇਸ ਮੌਕੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ, ਨਰੇਸ਼ ਮਰਵਾਹਾ ਤੇ ਹੋਰ ਹਾਜ਼ਰ ਸਨ |