ਪਾਂਸ਼ਟਾ, 26 ਦਸੰਬਰ (ਸਤਵੰਤ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਪਾਂਸ਼ਟਾ 'ਚ ਸਜਾਏ ਗਏ ਨਗਰ ਕੀਰਤਨ 'ਚ ਵੱਡੀ ਗਿਣਤੀ ਵਿਚ ਸ਼ਰਧਾਲੂ ਸੰਗਤ ਨੇ ਹਿੱਸਾ ਲਿਆ | ਗੁਰਦੁਆਰਾ ਸ਼ਹੀਦਗੰਜ ਪਾਂਸ਼ਟਾ ਤੋਂ ਆਰੰਭ ਹੋਏ ਇਸ ਨਗਰ ਕੀਰਤਨ ਦੀ ਅਗਵਾਈ ਰਿਵਾਇਤੀ ਬਾਣੇ ਵਿਚ ਸਜੇ ਪੰਜ ਸਿੰਘਾਂ ਨੇ ਕੀਤੀ ਤੇ ਸ਼ਰਧਾਲੂ ਸੰਗਤ ਵਲੋਂ ਵੱਖ-ਵੱਖ ਪੜਾਵਾਂ 'ਤੇ ਇਸ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਸਤਿ ਬਾਬਾ ਕਾਲੂ ਚੌਂਕ, ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਮਾਡਲ ਟਾਊਨ, ਫ਼ੌਜੀ ਮਾਰਕੀਟ, ਸ਼ਿਵ ਮੰਦਿਰ, ਪੱਤੀ ਭਾਗ ਸਿੰਘ, ਪੱਤੀ ਟੂਰੇ ਤੇ ਪੱਤੀ ਗਾਦਨ ਆਦਿ ਵੱਖ-ਵੱਖ ਪੜਾਵਾਂ 'ਤੇ ਕੜਾਹ-ਪ੍ਰਸ਼ਾਦ, ਪਕੌੜੇ, ਮਠਿਆਈਆਂ ਤੇ ਛੋਲੇ-ਪੂਰੀਆਂ ਦੇ ਲੰਗਰ ਛਕਾਉਣ ਦੀ ਸੇਵਾ ਨਿਭਾਈ ਗਈ | ਗੁਰਦਵਾਰਾ ਸ਼ਹੀਦਗੰਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ, ਜਥੇਦਾਰ ਗੁਰਵਿੰਦਰ ਸਿੰਘ ਵਿੱਕੀ, ਜਥੇਦਾਰ ਇੰਦਰਜੀਤ ਸਿੰਘ, ਮੋਹਨ ਸਿੰਘ ਕੈਸ਼ੀਅਰ, ਸੁਰਜੀਤ ਸਿੰਘ, ਸੁਰਜੀਤ ਸਿੰਘ ਬਿੱਲਾ, ਅੱਛਰ ਸਿੰਘ, ਸਿਮਰਜੀਤ ਸਿੰਘ, ਸੰਤੋਖ ਸਿੰਘ, ਸਰਵਣ ਸਿੰਘ, ਸੁਖਜੀਤ ਸਿੰਘ ਸਮੇਤ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਤੇ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਮੌਕੇ ਵੱਖ-ਵੱਖ ਪੜਾਵਾਂ 'ਤੇ ਸਜੇ ਦੀਵਾਨਾ ਵਿਚ ਭਾਈ ਜਸਲੀਨ ਸਿੰਘ ਹਜ਼ੂਰੀ ਰਾਗੀ ਗੁਰਦਵਾਰਾ ਸ਼ਹੀਦਗੰਜ ਪਾਂਸ਼ਟਾ ਤੇ ਢਾਡੀ ਜਗਜੀਵਨ ਸਿੰਘ ਅਰਜਨਵਾਲ ਦੇ ਜਥੇ ਸਮੇਤ ਬਹੁਤ ਸਾਰੇ ਰਾਗੀ, ਢਾਡੀ ਤੇ ਕਥਾ ਵਾਚਕਾਂ ਦੁਆਰਾ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਤੇ ਫ਼ਲਸਫ਼ੇ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਜਥੇ. ਗੁਰਵਿੰਦਰ ਸਿੰਘ ਵਿੱਕੀ ਵਲੋਂ ਸਟੇਜ ਸਕੱਤਰ ਦੀ ਸੇਵਾ ਨਿਭਾਈ ਗਈ | ਮਹਿੰਦਰ ਸਿੰਘ ਪ੍ਰਧਾਨ ਗੁਰਦਵਾਰਾ ਸ਼ਹੀਦਗੰਜ ਪ੍ਰਬੰਧਕ ਕਮੇਟੀ ਪਾਂਸ਼ਟਾ ਅਨੁਸਾਰ ਇਸ ਸਬੰਧ ਵਿਚ 16 ਦਸੰਬਰ ਤੋਂ ਆਰੰਭ ਹੋਈਆਂ ਪ੍ਰਭਾਤ ਫੇਰੀਆਂ 25 ਦਸੰਬਰ ਦਿਨ ਵੀਰਵਾਰ ਤੱਕ ਜਾਰੀ ਰਹੀਆਂ ਤੇ ਇਸੇ ਦਿਨ ਆਰੰਭ ਹੋਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਕੱਲ੍ਹ 27 ਦਸੰਬਰ ਦਿਨ ਸਨਿਚਰਵਾਰ ਨੂੰ ਪਾਏ ਜਾਣਗੇ, ਉਪਰੰਤ ਗੁਰਦਵਾਰਾ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ, ਜਿਸ ਵਿਚ ਭਾਈ ਜਸਲੀਨ ਸਿੰਘ ਹਜ਼ੂਰੀ ਰਾਗੀ ਗੁਰਦਵਾਰਾ ਸ਼ਹੀਦਗੰਜ ਪਾਂਸ਼ਟਾ, ਭਾਈ ਗੁਰਮੇਲ ਸਿੰਘ ਬਘਾਣਾ ਤੇ ਢਾਡੀ ਜਗਜੀਵਨ ਸਿੰਘ ਅਰਜਨਵਾਲ ਦੇ ਜਥੇ ਸਮੇਤ ਵੱਖ-ਵੱਖ ਰਾਗੀ, ਢਾਡੀ ਤੇ ਵਿਦਵਾਨ ਹਾਜ਼ਰੀ ਭਰਨਗੇ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ
ਅਜੀਤ ਡੈਸਕ
27-12-2025