• ਯੂਨੀਵਰਸਿਟੀ 'ਚ 31 ਜੁਲਾਈ ਤੋਂ ਸ਼ੁਰੂ ਹੋਣਗੀਆਂ ਕਲਾਸਾਂ-ਅਮਨ ਅਰੋੜਾ
ਸੁਭਾਨਪੁਰ, 26 ਦਸੰਬਰ (ਸਤਨਾਮ ਸਿੰਘ)-ਸਕਿੱਲ ਡਿਵੈਲਪਮੈਂਟ ਐਂਡ ਊਧਮ ਸਿੰਘ ਸ਼ਹੀਦ ਐਂਟਰਪਨਿਊਰ ਯੂਨੀਵਰਸਿਟੀ ਦੇ ਉਦਘਾਟਨ ਮੌਕੇ ਪਹਿਲਾ ਸਵੇਰੇ ਪ੍ਰਬੰਧਕਾਂ ਵਲੋਂ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਉਪਰੰਤ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ | ਜਿਸ ਵਿਚ ਕਥਾ ਵਾਚਕ ਤੇ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਉਦਘਾਟਨੀ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪਸਾਰ ਨੂੰ ਉੱਚਾ ਚੁੱਕਣਾ ਹੀ ਮੁੱਖ ਏਜੰਡਾ ਹੈ | ਜਿਸ ਤਹਿਤ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਕੇ ਬੱਚਿਆਂ ਨੂੰ ਰੋਜ਼ਗਾਰ ਦਾਤੇ ਬਣਾਉਣ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ | ਇਸ ਤੋਂ ਪਹਿਲਾਂ ਉਨ੍ਹਾਂ ਸੁਭਾਨਪੁਰ ਦੇ ਨਜ਼ਦੀਕ ਨਿਜ਼ਾਮਪੁਰ ਪਿੰਡ ਨੇੜੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ 'ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਐਂਟਰਪਨਿਊਰ ਯੂਨੀਵਰਸਿਟੀ ਨਿਜ਼ਾਮਪੁਰ (ਕਪੂਰਥਲਾ)' ਦਾ ਨੀਂਹ ਪੱਥਰ ਰੱਖਿਆ | ਅਮਨ ਅਰੋੜਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਦੇਸ਼ ਦੇ ਹਰ ਬੱਚੇ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਕੰਬੋਜ ਭਾਈਚਾਰੇ ਵੱਲੋਂ ਕੰਬੋਜ ਫਾਊਾਡੇਸ਼ਨ ਦੇ ਨਾਮ ਨਾਲ ਸ਼ਹੀਦ ਊਧਮ ਸਿੰਘ ਦੇ ਨਾਮ 'ਤੇ ਵਿਸ਼ਵ ਪੱਧਰੀ ਯੂਨੀਵਰਸਿਟੀ ਸ਼ੁਰੂ ਕੀਤੀ ਜਾ ਰਹੀ ਹੈ, ਜੋ ਕਿ ਨੌਜਵਾਨਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਤਿਆਰ ਕਰੇਗੀ | ਉਨ੍ਹਾਂ ਕਿਹਾ ਕਿ ਇਹ ਸਕਿੱਲ ਯੂਨੀਵਰਸਿਟੀ 31 ਜੁਲਾਈ 2026 ਤੋਂ ਆਪਣੇ ਕੋਰਸ ਸ਼ੁਰੂ ਕਰੇਗੀ ਜੋ ਕਿ ਨਾ ਸਿਰਫ਼ ਦੋਆਬਾ ਸਗੋਂ ਪੂਰੇ ਪੰਜਾਬ ਦੇ ਵੀ ਲਈ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਸਥਾਪਿਤ ਕਰਨ ਲਈ ਮਾਰਗ ਦਰਸ਼ਕ ਸਾਬਿਤ ਹੋਵੇਗੀ | ਇਕ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦਾ ਵਿਦੇਸ਼ਾਂ ਨੂੰ ਧੜਾ-ਧੜ ਪਲਾਇਨ ਰੋਕਣ ਲਈ ਹੁਨਰ ਵਿਕਾਸ ਅਹਿਮ ਭੂਮਿਕਾ ਨਿਭਾਵੇਗਾ | ਜਿਸ ਲਈ ਪੰਜਾਬ ਸਰਕਾਰ ਇਸ ਯੂਨੀਵਰਸਿਟੀ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸੂਬੇ ਵਿਚ ਸਿੱਖਿਆ ਲਈ ਸਾਰਥਿਕ ਮਾਹੌਲ ਸਿਰਜਿਆ ਗਿਆ ਹੈ | ਜਿਸ ਲਈ ਪੰਜਾਬ ਸਰਕਾਰ ਨੇ ਬਿਨ੍ਹਾਂ ਕਿਸੇ ਸਿਫ਼ਾਰਸ਼ ਤੋਂ 60 ਹਜ਼ਾਰ ਕਰਮਚਾਰੀਆਂ ਦੀ ਭਰਤੀ ਕੀਤੀ ਹੈ | ਇਸ ਮੌਕੇ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਹਲਕਾ ਕਪੂਰਥਲਾ ਦੇ ਐਮ.ਐਲ.ਏ. ਰਾਣਾ ਗੁਰਜੀਤ ਸਿੰਘ, ਐਮ.ਐਲ.ਏ. ਗੋਲਡੀ ਕੰਬੋਜ, ਵਿਧਾਇਕ ਜਮੀਲ ਉਲ ਰਹਿਮਾਨ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸਰਬਜੀਤ ਸਿੰਘ ਲੁਬਾਣਾ, ਮਾਨ ਸਿੰਘ ਧੰਮ, ਸਰਪੰਚ ਸੁਖਦੇਵ ਸਿੰਘ ਧੰਮ, ਵਰਿੰਦਰ ਸਿੰਘ ਬੱਗਾ, ਡਾ ਸੰਦੀਪ ਕੌੜਾ, ਪੰਜਾਬ ਰਾਜ ਪੱਛੜੀ ਸ਼੍ਰੇਣੀ ਕਮਿਸ਼ਨ ਦੇ ਚੇਅਰਮੈਨ ਮਲਕੀਤ ਥਿੰਦ, ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ, 'ਆਪ' ਦੇ ਆਗੂ ਗੁਰਪਾਲ ਸਿੰਘ ਇੰਡੀਅਨ, ਜਥੇਦਾਰ ਇੰਦਰਜੀਤ ਸਿੰਘ ਜੁਗਨੂੰ, ਬਲਾਕ ਪ੍ਰਧਾਨ ਜਗਰੂਪ ਸਿੰਘ ਕਾਹਲੋਂ, ਸਾਬਕਾ ਸਰਪੰਚ ਹਰੀ ਰਾਮ, ਵਿਜੇ ਸ਼ਾਹ, ਕਾਮਰੇਡ ਮੁਹਿੰਦਰ ਸਿੰਘ, ਡਾਕਟਰ ਬਲਵਿੰਦਰ ਸਿੰਘ, ਸਰਪੰਚ ਰਾਜਪਾਲ ਸਿੰਘ, ਸਾਬਕਾ ਚੇਅਰਮੈਨ ਗੁਰਮੀਤ ਸਿੰਘ, ਜਸਵਿੰਦਰ ਸਿੰਘ ਜੰਮੂ ਹਮੀਰਾ, ਕੰਵਰ ਇਕਬਾਲ ਸਿੰਘ, ਪਰਵਿੰਦਰ ਸਿੰਘ ਢੋਟ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਸਾਬਕਾ ਸੈਸ਼ਨ ਜੱਜ ਜੇ ਐਸ ਮਰੋਕ , ਐਸ.ਪੀ. ਗੁਰਪ੍ਰੀਤ ਸਿੰਘ, ਡੀ.ਐਸ.ਪੀ. ਕਰਨੈਲ ਸਿੰਘ ਸਬ ਡਵੀਜ਼ਨ ਭੁਲੱਥ, ਐਸ.ਐਚ.ਓ. ਸੁਭਾਨਪੁਰ ਬਿਕਰਮਜੀਤ ਸਿੰਘ ਚੌਹਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਜ਼ਦੀਕੀ ਪਿੰਡਾ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ |
ਕੈਬਨਿਟ ਮੰਤਰੀ ਅਮਨ ਅਰੋੜਾ ਨੇ 'ਊਧਮ ਸਿੰਘ ਸ਼ਹੀਦ ਸਕਿੱਲ ਡਿਵੈੱਲਪਮੈਂਟ ਐਂਡ ਐਂਟਰਪਨਿਊਰ ਯੂਨੀਵਰਸਿਟੀ' ਦਾ ਰੱਖਿਆ ਨੀਂਹ ਪੱਥਰ
ਅਜੀਤ ਡੈਸਕ
27-12-2025