ਪਾਂਸ਼ਟਾ, 26 ਦਸੰਬਰ (ਸਤਵੰਤ ਸਿੰਘ)-ਇਨਸਾਨੀ ਹੱਕਾਂ ਦੀ ਰਾਖੀ ਲਈ ਜਬਰ-ਜ਼ੁਲਮ ਵਿਰੁੱਧ ਜੂਝਦੇ ਹੋਏ ਸ਼ਹੀਦੀ ਪਾਉਣ ਵਾਲੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਨਗੀਨਾ ਪਾਂਸ਼ਟਾ ਵਿਖੇ ਮਨਾਇਆ ਗਿਆ | ਮਾਸਟਰ ਜੋਗਾ ਸਿੰਘ ਨੰਬਰਦਾਰ ਪ੍ਰਧਾਨ ਗੁਰਦਵਾਰਾ ਤਪ ਅਸਥਾਨ ਸੰਤ ਬਾਬਾ ਨਗੀਨਾ ਸਿੰਘ ਪ੍ਰਬੰਧਕ ਕਮੇਟੀ ਪਾਂਸ਼ਟਾ ਅਨੁਸਾਰ ਇਸ ਮੌਕੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹਜ਼ੂਰੀ ਰਾਗੀ ਜਥੇ ਤੋਂ ਇਲਾਵਾ ਬੱਚਿਆਂ ਵਲੋਂ ਸ਼ਬਦ ਗਾਇਣ ਰਾਹੀਂ ਹਾਜ਼ਰੀ ਭਰੀ ਗਈ | ਜਿਸ ਉਪਰੰਤ ਸ਼ਾਮ 7 ਵਜੇ ਤੋਂ ਸਾਢੇ 8 ਵਜੇ ਤੱਕ ਰਾਗੀ ਜਥਾ ਭਾਈ ਹਰਪ੍ਰੀਤ ਸਿੰਘ ਅਤੇ ਮਾਸਟਰ ਜੋਗਾ ਸਿੰਘ ਵਲੋਂ ਇਸ ਮੌਕੇ ਹਾਜ਼ਰ ਸੰਗਤ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਆਪਣੇ ਬੱਚਿਆਂ ਨੂੰ ਇਸ ਵਿਰਸੇ ਤੋਂ ਜਾਣੂ ਕਰਵਾਉਣ ਲਈ ਪ੍ਰੇਰਿਆ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਗੁਰਦੀਪ ਸਿੰਘ, ਬਲਬੀਰ ਸਿੰਘ, ਕਿਰਪਾਲ ਸਿੰਘ ਸਾਬਕਾ ਪ੍ਰਧਾਨ, ਭਜਨ ਸਿੰਘ, ਕੁਲਵਰਨ ਸਿੰਘ, ਸੰਤੋਖ ਸਿੰਘ, ਅਵਤਾਰ ਸਿੰਘ ਅਤੇ ਸਿਮਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |