ਅਧਿਆਪਕ ਵਿਦਿਆਰਥੀਆਂ ਨੂੰ ਚੰਗੇ ਮਾੜੇ ਦੀ ਪਰਖ ਕਰਨ ਦੇ ਕਾਬਲ ਬਣਾਉਣ-ਗੁਰਬਚਨ ਸਿੰਘ ਬੰਗੜ
ਅਜੀਤ ਡੈਸਕ
27-12-2025
ਕਪੂਰਥਲਾ, 26 ਦਸੰਬਰ (ਅਮਰਜੀਤ ਕੋਮਲ)-ਅਧਿਆਪਕ ਹੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਨ ਇਸ ਲਈ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਬਾਰੇ ਵਿਦਿਆਰਥੀਆਂ ਨੂੰ ਸੁਚੇਤ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ਗੁਰਬਚਨ ਸਿੰਘ ਬੰਗੜ ਮੈਂਬਰ ਜ਼ਿਲ੍ਹਾ ਰੋਡ ਸੇਫ਼ਟੀ ਟੀਮ ਨੇ ਸਰਕਾਰੀ ਹਾਈ ਸਕੂਲ ਜਵਾਲਾਪੁਰ ਵਿਚ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਜੀਵਨਸ਼ੈਲੀ ਬਦਲਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੇ ਜੀਵਨ 'ਚ ਆਉਣ ਵਾਲੇ ਵੱਖ-ਵੱਖ ਪੜਾਅ ਬਾਰੇ ਜਾਗਰੂਕ ਕਰਨ ਤੇ ਉਨ੍ਹਾਂ ਨੂੰ ਚੰਗੇ ਮਾੜੇ ਦੀ ਪਰਖ ਕਰਨ ਦੇ ਕਾਬਲ ਬਣਾਇਆ ਜਾਵੇ | ਉਨ੍ਹਾਂ ਅਧਿਆਪਕਾਂ ਨੂੰ ਇਹ ਵੀ ਕਿਹਾ ਕਿ ਉਹ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਣਕਾਰੀ ਦੇਣ ਤਾਂ ਜੋ ਰੋਜ਼ਾਨਾ ਵਾਪਰਨ ਵਾਲੇ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਜਿਹੜੇ ਨਬਾਲਗ ਬੱਚੇ ਦੋ ਪਹੀਆ ਵਾਹਨ ਚਲਾਉਣਾ ਚਾਹੁੰਦੇ ਹਨ ਉਹ 50 ਸੀ.ਸੀ. ਇੰਜਣ ਵਾਲਾ ਸਕੂਟਰ, ਬਿਨਾਂ ਗੈਰ ਵਾਲਾ ਮੋਟਰਸਾਈਕਲ ਜਾਂ ਬੈਟਰੀ ਵਾਲਾ ਸਕੂਟਰ ਜਿਸਦੀ ਸਪੀਡ 25 ਕਿੱਲੋਮੀਟਰ ਹੋਵੇ ਉਸ ਲਈ ਲਰਨਿੰਗ ਲਾਇਸੰਸ ਬਣਾਉਣ ਤੇ ਵਾਹਨ ਚਲਾਉਣ ਸਮੇਂ ਸਿਰ 'ਤੇ ਹੈਲਮਟ ਜਾਂ ਪਗੜੀ ਬੰਨਣ ਤਾਂ ਜੋ ਉਨ੍ਹਾਂ ਦੇ ਸਿਰ 'ਤੇ ਸੱਟ ਲੱਗਣ ਤੋਂ ਬਚਾਅ ਹੋ ਸਕੇ | ਇਸ ਮੌਕੇ ਟਰੈਫ਼ਿਕ ਪੁਲਿਸ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨਟਕਰ ਨੇ ਵੀ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ, ਆਵਾਜਾਈ ਸਬੰਧੀ ਸੰਕੇਤਾਂ ਤੇ ਆਵਾਜਾਈ ਲਾਈਟ ਸਿੰਗਲ ਦੀ ਪਾਲਣਾ ਕਰਨ ਬਾਰੇ ਪ੍ਰੇਰਿਤ ਕੀਤਾ | ਉਨ੍ਹਾਂ ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਵੀ ਜਾਗਰੂਕ ਕੀਤਾ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਗੁਰਵਿੰਦਰ ਕੌਰ ਨੇ ਜ਼ਿਲ੍ਹਾ ਰੋਡ ਸੇਫ਼ਟੀ ਟੀਮ ਦੇ ਮੈਂਬਰਾਂ ਵਲੋਂ ਸਕੂਲ ਦੇ ਅਧਿਆਪਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਣਕਾਰੀ ਦੇਣ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਸੈਮੀਨਾਰ ਮੌਕੇ ਸ਼ਹਿਬਾਜਖ਼ਾਨ, ਹਰਦੇਵ ਸਿੰਘ ਖਾਨੋਵਾਲ, ਪਾਰਸ ਧੀਰ, ਕਪਿਲ ਲੂੰਬਾ, ਗੀਤਾ ਲੰੂਬਾ ਆਦਿ ਅਧਿਆਪਕ ਹਾਜ਼ਰ ਸਨ |