ਫਗਵਾੜਾ, 27 ਦਸੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਈਸਟਵੁੱਡ ਵਿਖੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਫਗਵਾੜਾ ਪੁਲਿਸ ਨੇ ਲੋੜੀਂਦੇ ਇੱਕ ਵਿਅਕਤੀ ਨੂੰ ਪੋ੍ਰਡਕਸ਼ਨ ਵਾਰੰਟ 'ਤੇ ਲਿਆ ਕੇ ਉਸ ਪਾਸੋਂ ਇੱਕ ਪਿਸਟਲ ਬਰਾਮਦ ਕੀਤਾ ਹੈ | ਐਸ.ਪੀ. ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਪੁੱਤਰ ਕੁਲਦੀਪ ਸਿੰਘ ਵਾਸੀ ਤੱਲ੍ਹਣ ਜੋ ਕਿ ਪਹਿਲਾ ਈਸਟਵੁੱਡ ਵਿਖੇ ਨੌਕਰੀ ਕਰਦਾ ਸੀ, ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ | 10 ਅਕਤੂਬਰ ਨੂੰ ਸ਼ਾਮ ਸਮੇਂ ਸੁਖਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਈਸਟਵੁੱਡ ਵਿਖੇ ਆਇਆ ਜਿਸ ਨੂੰ ਉੱਥੇ ਸਕਿਉਰਿਟੀ ਕਰਦੇ ਸੰਦੀਪ ਕੁਮਾਰ ਵਲੋਂ ਰੋਕਿਆ ਜਿਸ ਤੋਂ ਬਾਅਦ ਉਨ੍ਹਾਂ ਉਸ ਦੀ ਕੁੱਟਮਾਰ ਕਰ ਦਿੱਤੀ ਸੀ ਤੇ ਉਸ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ ਜਿਸ ਨਾਲ ਸੰਦੀਪ ਕੁਮਾਰ ਦੇ ਖੱਬੇ ਪੱਟ 'ਚ ਗੋਲੀ ਵੱਜੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਸੀ | ਜਿਸ 'ਤੇ ਪੁਲਿਸ ਵਲੋਂ ਸੁੱਖਾ ਵਾਸੀ ਤੱਲ੍ਹਣ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ | ਜਿਸ 'ਚ ਰੋਹਿਤ ਵਰਮਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਿੰਡ ਪੁਰਨਪੁਰ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜੋ ਕਿ ਇਸ ਵਾਰਦਾਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪਾਸ ਨਸ਼ੇ ਸਮੇਤ ਫੜਿਆ ਗਿਆ ਸੀ ਜਿਸ ਨੂੰ ਪੋ੍ਰਡਕਸ਼ਨ ਵਾਰੰਟ 'ਤੇ ਲਿਆ ਕੇ ਗਿ੍ਫ਼ਤਾਰ ਕੀਤਾ ਗਿਆ ਤੇ ਇਸ ਪਾਸੋਂ ਪਿਸਟਲ 7.65 ਸਮੇਤ ਚਾਰ ਰੌਂਦ ਬਰਾਮਦ ਕੀਤਾ ਗਏ ਹਨ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ਼ ਪਹਿਲਾ ਵੀ ਚਾਰ ਮੁਕੱਦਮੇ ਦਰਜ ਹਨ |