ਕਪੂਰਥਲਾ, 28 ਦਸੰਬਰ (ਸਡਾਨਾ)-ਸ਼ਹਿਰ ਵਿਚ ਵਿਗੜ ਰਹੀ ਕਾਨੂੰਨ ਵਿਵਸਥਾ, ਟਰੈਫ਼ਿਕ ਜਾਮ, ਕੂੜੇ ਦੇ ਯੋਗ ਪ੍ਰਬੰਧ ਨਾ ਹੋਣਾ ਤੇ ਲਵਾਰਿਸ ਕੁੱਤਿਆਂ ਦੀ ਵਧ ਰਹੀ ਸਮੱਸਿਆ ਨੂੰ ਲੈ ਕੇ ਐਡਵੋਕੇਟ ਅਨੁਜ ਆਨੰਦ ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ | ਐਡਵੋਕੇਟ ਆਨੰਦ ਜੋ ਕਿ ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਉਕਤ ਮੁੱਦੇ ਸ਼ਹਿਰ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਸਬੰਧੀ ਨਗਰ ਨਿਗਮ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਲਿਖਤੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਪੁਲਿਸ ਪੈਟਰੋਿਲੰਗ ਵਧਾਉਣ ਦੀ ਵੀ ਮੰਗ ਕੀਤੀ ਗਈ ਹੈ, ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਟਰੈਫ਼ਿਕ ਸਮੱਸਿਆ ਦਾ ਵੀ ਬੁਰਾ ਹਾਲ ਹੈ ਤੇ ਲੋਕਾਂ ਨੇ ਫੁੱਟਪਾਥ 'ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਮਾਲ ਰੋਡ ਵਰਗੀ ਇਤਿਹਾਸਕ ਸੜਕ ਵੀ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੇਠ ਆਈ ਹੋਈ ਹੈ | ਅਨੁਜ ਆਨੰਦ ਨੇ ਦੱਸਿਆ ਕਿ ਅਰਬਨ ਅਸਟੇਟ ਵਿਖੇ ਵੀ ਸਫ਼ਾਈ ਕਰਮਚਾਰੀਆਂ ਦੀ ਕਮੀ ਹੈ ਤੇ ਦਰਖ਼ਤਾਂ ਦੀ ਸਫ਼ਾਈ ਹੋਣ ਵਾਲੀ ਹੈ, ਬਿਜਲੀ ਦੇ ਖੰਭੇ ਜੱਜਰ ਹਾਲਤ ਵਿਚ ਹਨ ਤੇ ਕਈ ਥਾਵਾਂ 'ਤੇ ਪਾਣੀ ਖੜ੍ਹਾ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਵੀ ਹੱਲ ਛੇਤੀ ਹੁੰਦਾ ਨਜ਼ਰ ਨਹੀਂ ਆ ਰਿਹਾ | ਉਨ੍ਹਾਂ ਕਿਹਾ ਕਿ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਦੇਣ ਉੱਥੇ ਸ਼ਹਿਰ ਦੇ ਨਾਗਰਿਕ ਵੀ ਆਪਣਾ ਫ਼ਰਜ਼ ਸਮਝਦੇ ਹੋਏ ਪ੍ਰਸ਼ਾਸਨ ਦਾ ਸਹਿਯੋਗ ਕਰਨ |