ਕਪੂਰਥਲਾ, 27 ਦਸੰਬਰ (ਸਡਾਨਾ)-ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਵਲੋਂ ਮਲੇਰਕੋਟਲਾ ਦਾ ਇਕ ਦਿਨਾ ਦੌਰਾ ਕੀਤਾ ਗਿਆ | ਇਸ ਦੌਰੇ ਦਾ ਮੁੱਖ ਮਕਸਦ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਉਰਦੂ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਵੱਖ-ਵੱਖ ਭਾਸ਼ਾ ਮਾਹਿਰਾਂ ਨਾਲ ਮੁਲਾਕਾਤ ਕਰਨਾ ਸੀ | ਇਸ ਮੌਕੇ ਉਨ੍ਹਾਂ ਪ੍ਰੋ. ਇਰਸ਼ਾਦ ਅਹਿਮਦ ਖ਼ਾਨ ਦੇ ਗ੍ਰਹਿ ਵਿਖੇ ਪ੍ਰਸਿੱਧ ਲੇਖਕ, ਕਾਲਮ ਨਵੀਸ਼ ਤੇ ਕਵੀ ਮੁਹੰਮਦ ਅੱਬਾਸ ਧਾਲੀਵਾਲ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਦੋਵਾਂ ਵਿਚਕਾਰ ਮੌਜੂਦਾ ਦੌਰ ਵਿਚ ਨੌਜਵਾਨਾਂ ਅੰਦਰ ਕਿਤਾਬਾਂ ਪੜ੍ਹਣ ਦੇ ਘੱਟ ਰਹੇ ਰੁਝਾਨ 'ਤੇ ਚਿੰਤਾ ਪ੍ਰਗਟ ਕੀਤੀ ਗਈ | ਇਸਦੇ ਨਾਲ ਹੀ ਪੰਜਾਬੀ ਭਾਸ਼ਾ ਦੇ ਨਾਲ-ਨਾਲ ਉਰਦੂ ਸਾਹਿਤ ਨੂੰ ਵੀ ਪੜ੍ਹਣ ਲਈ ਪਾਠਕਾਂ ਤੇ ਨੌਜਵਾਨਾਂ ਵਿਚ ਰੁਚੀ ਪੈਦਾ ਕਰਨ ਲਈ ਵੱਖ-ਵੱਖ ਨੁਕਤਿਆਂ 'ਤੇ ਵਿਚਾਰ ਕੀਤਾ ਗਿਆ | ਮੀਟਿੰਗ ਮੌਕੇ ਮੁਹੰਮਦ ਅੱਬਾਸ ਧਾਲੀਵਾਲ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੂੰ ਇਕ ਪੰਜਾਬੀ ਅਨੁਵਾਦ ਵਾਲਾ ਕੁਰਾਨ ਮਜ਼ੀਦ ਅਤੇ ਇਕ ਆਪਣੀ ਕਿਤਾਬੀ ਗੁਲਿਸਤਾਨੇ ਅੱਬਾਸ ਭੇਟ ਕੀਤੀ | ਇਸ ਮੌਕੇ ਪ੍ਰੋ. ਇਰਸ਼ਾਦ ਅਹਿਮਦਖ਼ਾਨ, ਸ਼ਹਿਬਾਜ਼ ਖ਼ਾਨ, ਮੁਨੱਜਾ ਇਰਸ਼ਾਦ, ਮਨੀਸ਼ ਕੁਮਾਰ ਬਹਿਲ, ਸਲਮਾਨ ਤੇ ਹੋਰ ਹਾਜ਼ਰ ਸਨ |