ਫਗਵਾੜਾ, 30 ਦਸੰਬਰ (ਹਰਜੋਤ ਸਿੰਘ ਚਾਨਾ)-ਨਗਰ ਨਿਗਮ ਫਗਵਾੜਾ ਵਲੋਂ ਸ਼ਹਿਰ ਦੇ ਮੁੱਖ ਜਨਤਕ ਸਥਾਨਾਂ 'ਤੇ ਕਿਯੂ.ਆਰ ਕੋਡ ਵਾਲੇ 'ਨੋ ਲਿਟਰਿੰਗ' ਸਾਈਨੇਜ ਲਗਾਏ ਗਏ ਹਨ | ਇਨ੍ਹਾਂ ਸਾਈਨੇਜਾਂ 'ਤੇ ਲੱਗੇ ਕੋਡ ਰਾਹੀਂ ਨਾਗਰਿਕ ਕੂੜਾ ਸੁੱਟਣ ਵਾਲੀਆਂ ਤਸਵੀਰਾਂ ਅਪਲੋਡ ਕਰਕੇ ਸ਼ਿਕਾਇਤ ਦਰਜ ਕਰ ਸਕਣਗੇ | ਗੱਲਬਾਤ ਕਰਦਿਆਂ ਨਗਰ ਨਿਗਮ ਦੇ ਮੇਅਰ ਨੇ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਜਨਤਕ ਸਥਾਨਾਂ 'ਤੇ ਕੂੜਾ ਸੁੱਟਣ 'ਤੇ ਕੜੀ ਕਾਰਵਾਈ ਕੀਤੀ ਜਾਵੇਗੀ ਤੇ ਦਿਖਾਏ ਗਏ ਫਲੈਕਸ ਬੋਰਡਾਂ 'ਤੇ ਦਰਜ ਨਿਯਮਾਂ ਅਨੁਸਾਰ 10 ਹਜ਼ਾਰ ਰੁਪਏ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਵਾਰ ਵਾਰ ਜਾਣ ਬੁੱਝ ਕੇ ਉਲੰਘਣਾ ਕਰਨ ਵਾਲਿਆਂ ਨਾਲ ਨਗਰ ਨਿਗਮ ਵਲੋਂ ਨਿਯਮਾਂ ਅਨੁਸਾਰ ਸਖ਼ਤੀ ਨਾਲ ਨਿਪਟਾਇਆ ਜਾਵੇਗਾ ਤਾਂ ਜੋ ਡਰ ਦਾ ਮਾਹੌਲ ਬਣਾਇਆ ਜਾ ਸਕੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਡ ਮਕੈਨਿਜ਼ਮ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਤੇ ਸ਼ਹਿਰ ਦੀ ਸਫ਼ਾਈ ਤੇ ਜਨਤਕ ਵਿਵਸਥਾ ਬਣਾਈ ਰੱਖਣ 'ਚ ਸਹਿਯੋਗ ਦੇਣ | ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਸਫ਼ਾਈ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤੇ ਚੇਤਾਵਨੀ ਦਿੱਤੀ ਕਿ ਉਲੰਘਣਾ ਕਰਨ 'ਤੇ ਰੁਪਏ 10 ਹਜ਼ਾਰ ਤੱਕ ਜੁਰਮਾਨਾ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਕੌਂਸਲਰ ਹਰਪ੍ਰੀਤ ਭੋਗਲ, ਦਰਸ਼ਨ ਲਾਲ ਧਰਮਸੋਤ, ਸੈਨੇਟਰੀ ਇੰਸਪੈਕਟਰ ਨਾਮਦੇਵ, ਪੂਜਾ, ਸੁਪਰਵਾਈਜ਼ਰ ਸੰਨੀ ਆਦਿ ਸ਼ਾਮਿਲ ਸਨ |