ਨਵੀਂ ਦਿੱਲੀ, 31 ਦਸੰਬਰ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਬੁੱਧਵਾਰ ਨੂੰ ਦਿੱਲੀ ਦੇ ਇਕ ਘਰ ਦੀ ਤਲਾਸ਼ੀ ਦੌਰਾਨ 5.12 ਕਰੋੜ ਰੁਪਏ ਨਕਦ, 8.80 ਕਰੋੜ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਅਤੇ 35 ਕਰੋੜ ਰੁਪਏ ਦੀ ਜਾਇਦਾਦ ਨਾਲ ਜੁੜੇ ਦਸਤਾਵੇਜ਼ ਬਰਾਮਦ ਕੀਤੇ ਹਨ | ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਵਲੋਂ ਦੱਖਣੀ ਦਿੱਲੀ ਦੇ ਸਰਵਪਿ੍ਯ ਵਿਹਾਰ ਵਿਖੇ ਉਕਤ ਛਾਪੇਮਾਰੀ ਹਰਿਆਣਾ ਦੇ ਭਗੌੜੇ ਅਪਰਾਧੀ ਇੰਦਰਜੀਤ ਸਿੰਘ ਯਾਦਵ ਨਾਲ ਜੁੜੇ ਹਵਾਲਾ ਰਾਸ਼ੀ ਦੇ ਮਾਮਲੇ 'ਚ ਕੀਤੀ ਗਈ, ਜੋ ਜਾਂਚ ਏਜੰਸੀ ਅਨੁਸਾਰ ਯੂ.ਏ.ਈ. ਤੋਂ ਕੰਮ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਕਤ ਰਿਹਾਇਸ਼ ਯਾਦਵ ਦੇ ਸਾਥੀ ਅਮਨ ਕੁਮਾਰ ਨਾਂਅ ਦੇ ਵਿਅਕਤੀ ਨਾਲ ਸੰਬੰਧਿਤ ਹੈ ਅਤੇ ਮੰਗਲਵਾਰ ਤੋਂ ਸ਼ੁਰੂ ਹੋਈ ਛਾਪੇਮਾਰੀ ਜਾਰੀ ਹੈ | ਬੁੱਧਵਾਰ ਸਵੇਰੇ ਕਰੰਸੀ ਗਿਣਨ ਵਾਲੀਆਂ ਮਸ਼ੀਨਾਂ ਨਾਲ ਲੈਸ ਬੈਂਕ ਅਧਿਕਾਰੀਆਂ ਨੂੰ ਬੁਲਾਇਆ ਗਿਆ ਅਤੇ ਹੁਣ ਤੱਕ 5.12 ਕਰੋੜ ਰੁਪਏ ਨਕਦ, 8.80 ਕਰੋੜ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣਿਆਂ ਨਾਲ ਭਰਿਆ ਇੱਕ ਸੂਟਕੇਸ ਅਤੇ 35 ਕਰੋੜ ਰੁਪਏ ਦੀ ਜਾਇਦਾਦ ਨਾਲ ਜੁੜੇ ਬੈਂਕ ਚੈੱਕ ਬੁੱਕਾਂ ਅਤੇ ਦਸਤਾਵੇਜ਼ਾਂ ਵਾਲਾ ਇੱਕ ਬੈਗ ਬਰਾਮਦ ਕੀਤਾ ਗਿਆ ਹੈ | ਯਾਦਵ ਵਿਰੁੱਧ ਮਨੀ ਲਾਂਡਰਿੰਗ ਦਾ ਮਾਮਲਾ ਕਥਿਤ ਤੌਰ 'ਤੇ ਗੈਰ-ਕਾਨੂੰਨੀ ਜਬਰੀ ਵਸੂਲੀ, ਨਿੱਜੀ ਫਾਈਨਾਂਸਰਾਂ ਤੋਂ ਜ਼ਬਰਦਸਤੀ ਕਰਜ਼ੇ ਦੇ ਨਿਪਟਾਰੇ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਕਮਿਸ਼ਨ ਕਮਾਉਣ ਨਾਲ ਸੰਬੰਧਿਤ ਹੈ | ਈ.ਡੀ ਦਾ ਮਾਮਲਾ ਹਰਿਆਣਾ ਅਤੇ ਉੱਤਰ ਪ੍ਰਦੇਸ਼ ਪੁਲਿਸ ਵਲੋਂ ਯਾਦਵ ਅਤੇ ਉਸਦੇ ਸਾਥੀਆਂ ਵਿਰੁੱਧ ਦਾਇਰ 14 ਐਫ. ਆਈ. ਆਰ. ਅਤੇ ਦੋਸ਼ ਪੱਤਰਾਂ ਤੋਂ ਪੈਦਾ ਹੋਇਆ ਹੈ | ਈ. ਡੀ. ਨੇ ਇਸ ਮਾਮਲੇ ਵਿਚ 26 ਅਤੇ 27 ਦਸੰਬਰ ਨੂੰ ਦਿੱਲੀ, ਗੁਰੂਗ੍ਰਾਮ ਅਤੇ ਹਰਿਆਣਾ ਦੇ ਰੋਹਤਕ ਵਿਚ 10 ਥਾਵਾਂ 'ਤੇ ਤਲਾਸ਼ੀ ਲਈ ਸੀ |