ਦਿਲੀਪ ਘੋਸ਼ ਨੂੰ ਮੁੱਖ ਚਿਹਰਾ ਐਲਾਨਿਆ
ਕੋਲਕਾਤਾ, 31 ਦਸੰਬਰ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਅਗਲੇ ਸਾਲ ਦੇ ਸ਼ੁਰੂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੀ ਤਿਆਰੀ ਦੀ ਸਮੀਖਿਆ ਕਰਦੇ ਹੋਏ ਇਕ ਕਾਰਜ ਯੋਜਨਾ ਦੀ ਰੂਪ-ਰੇਖਾ ਤਿਆਰ ਕੀਤੀ | ਪਾਰਟੀ ਦੇ ਅਹੁੇਦਾਦਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਇਕ ਸਾਂਝਾ ਮੋਰਚਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਸਾਬਕਾ ਸੂਬਾ ਪ੍ਰਧਾਨ ਦਿਲੀਪ ਘੋਸ਼ ਨੂੰ ਚੋਣਾਂ ਲਈ ਭਗਵਾ ਖੇਮੇ ਦੇ ਮੁੱਖ ਚਿਹਰਿਆਂ 'ਚੋਂ ਇਕ ਵਜੋਂ ਐਲਾਨਿਆ ਗਿਆ | ਘੋਸ਼, ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਰਾਜ 'ਚ ਭਾਜਪਾ ਦੀਆਂ ਗਤੀਵਿਧੀਆਂ ਤੋਂ ਕਾਫੀ ਹੱਦ ਤੱਕ ਦੂਰ ਰਹੇ ਹਨ, ਨੂੰ ਵੀ ਮੀਟਿੰਗ 'ਚ ਸੱਦਾ ਦਿੱਤਾ ਗਿਆ ਸੀ | ਸੂਤਰਾਂ ਅਨੁਸਾਰ ਗ੍ਰਹਿ ਮੰਤਰੀ ਨੇ ਘੋਸ਼ ਨਾਲ ਵੱਖਰੀ ਮੀਟਿੰਗ ਕੀਤੀ, ਜਦੋਂ ਕਿ ਸਾਬਕਾ ਸੂਬਾ ਪ੍ਰਧਾਨ ਸੁਕਾਂਤ ਮਜ਼ੂਮਦਾਰ, ਮੌਜੂਦਾ ਪ੍ਰਧਾਨ ਸਮਿਕ ਭੱਟਾਚਾਰੀਆ ਅਤੇ ਸੂਬੇ ਦੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨਾਲ ਵੱਖਰੀ ਮੀਟਿੰਗ ਕੀਤੀ | ਇਹ ਮੀਟਿੰਗਾਂ ਪਾਰਟੀ ਦੇ ਪੁਰਾਣੇ ਦਿਗਜ਼ਾਂ ਅਤੇ ਨਵੇਂ ਅਹੁਦੇਦਾਰਾਂ ਵਿਚਕਾਰ ਪਾੜੇ ਨੂੰ ਭਰਨ ਦਾ ਸੰਕੇਤ ਸੀ | ਘੋਸ਼ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਜ਼ਿਆਦਾ ਕੁਝ ਨਹੀਂ ਕਹਿ ਸਕਦਾ, ਪਰ ਤੁਸੀਂ 2026 ਦੀਆਂ ਚੋਣਾਂ ਵਿਚ ਇਕ ਸਰਗਰਮ ਦਿਲੀਪ ਘੋਸ਼ ਨੂੰ ਦੇਖੋਗੇ | ਮੈਨੂੰ ਮੇਰੇ ਤਜਰਬੇ ਅਤੇ ਰਾਇ ਸੁਣਨ ਲਈ ਬੁਲਾਇਆ ਗਿਆ ਸੀ | ਸੂਬਾਈ ਆਗੂਆਂ ਤੋਂ ਇਲਾਵਾ ਮੀਟਿੰਗ 'ਚ ਬੰਗਾਲ ਲਈ ਪਾਰਟੀ ਦੇ ਕੇਂਦਰੀ ਨਿਗਰਾਨ ਜਿਵੇਂ ਕਿ ਸੁਨੀਲ ਬਾਂਸਲ, ਭੂਪੇਂਦਰ ਯਾਦਵ, ਬਿਪਲਬ ਦੇਬ ਅਤੇ ਅਮਿਤ ਮਾਲਵੀਆ ਵੀ ਸ਼ਾਮਿਲ ਸਨ |
ਅਮਿਤ ਸ਼ਾਹ ਵਲੋਂ ਬੰਗਾਲ ਚੋਣਾਂ ਲਈ ਭਾਜਪਾ ਦੀ ਕਾਰਜ ਯੋਜਨਾ ਦੀ ਰੂਪ-ਰੇਖਾ ਤਿਆਰ
ਅਜੀਤ ਡੈਸਕ
01-01-2026