ਲਾਭਪਾਤਰੀ 824 ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਕਰਵਾ ਸਕਦੇ ਹਨ
ਇਲਾਜ-ਸਿਹਤ ਮੰਤਰੀ
ਚੰਡੀਗੜ੍ਹ, 2 ਜਨਵਰੀ (ਮਾਰਕੰਡਾ)-ਪੰਜਾਬ ਸਰਕਾਰ 15 ਜਨਵਰੀ ਤੋਂ 10 ਲੱਖ ਰੁਪਏ ਦੀ 'ਮੁੱਖ ਮੰਤਰੀ ਸਿਹਤ ਯੋਜਨਾ' (ਐਮ.ਐਮ.ਐਸ.ਵਾਈ) ਦੀ ਸ਼ੁਰੂਆਤ ਕਰਨ ਜਾ ਰਹੀ ਹੈ | ਇਹ ਸ਼ਬਦ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਕਲਿਆਣ ਭਵਨ ਸੈਕਟਰ 34 ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖੇ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਲਈ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਸੂਬੇ ਭਰ ਦੇ ਪਰਿਵਾਰਾਂ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਸਿਹਤ ਬੀਮਾ ਕਵਰੇਜ ਮਿਲੇਗਾ | ਇਸ ਸਮਝੌਤੇ 'ਤੇ ਰਾਜ ਸਿਹਤ ਏਜੰਸੀ (ਐਸ.ਐਚ.ਏ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੰਯਮ ਅਗਰਵਾਲ ਅਤੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਕਾਰਜਕਾਰੀ ਡਾਇਰੈਕਟਰ ਮੈਥਿਊ ਜਾਰਜ ਨੇ ਦਸਤਖ਼ਤ ਕੀਤੇ | ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 15 ਜਨਵਰੀ ਨੂੰ ਇਸ ਯੋਜਨਾ ਦੀ ਰਸਮੀ ਸ਼ੁਰੂਆਤ ਕਰਨਗੇ | ਸਿਹਤ ਮੰਤਰੀ ਨੇ ਕਿਹਾ ਕਿ ਇਸ ਨਵੀਂ ਯੋਜਨਾ ਦਾ ਉਦੇਸ਼ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਸਮੇਤ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਨਕਦੀ ਰਹਿਤ ਇਲਾਜ ਪ੍ਰਦਾਨ ਕਰਨਾ ਹੈ | ਸੂਬੇ ਦੇ 65 ਲੱਖ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 1 ਲੱਖ ਦਾ ਸਿਹਤ ਕਵਰ ਪ੍ਰਦਾਨ ਕੀਤਾ ਜਾਵੇਗਾ, ਜੋ 1 ਲੱਖ ਤੋਂ 10 ਲੱਖ ਰੁਪਏ ਦੇ ਦਰਮਿਆਨ ਇਲਾਜ ਦੀਆਂ ਲੋੜਾਂ ਸੰਬੰਧੀ ਸਟੇਟ ਹੈਲਥ ਏਜੰਸੀ (ਐਸ.ਐਚ.ਏ.) ਪੰਜਾਬ ਦੁਆਰਾ ਟਰੱਸਟ ਦੇ ਆਧਾਰ 'ਤੇ ਬੀਮਾ ਪ੍ਰਦਾਨ ਕੀਤਾ ਜਾਵੇਗਾ | ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਵਿਚ ਕੋਈ ਵੀ ਪਰਿਵਾਰ ਵਿੱਤੀ ਤੰਗੀਆਂ ਕਾਰਨ ਡਾਕਟਰੀ ਇਲਾਜ ਤੋਂ ਵਾਂਝਾ ਨਾ ਰਹੇ | ਇਸ ਯੋਜਨਾ ਨਾਲ ਰਾਜ ਵਿਚ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਮਿਲੇਗਾ | ਸਿਹਤ ਮੰਤਰੀ ਮੁਤਾਬਿਕ ਯੋਜਨਾ ਵਿਚ ਨਾਮਾਂਕਣ ਲਈ ਬਿਨੈਕਾਰਾਂ ਨੂੰ ਪੰਜਾਬ ਦਾ ਨਿਵਾਸੀ ਹੋਣਾ ਚਾਹੀਦਾ ਹੈ | ਉਸ ਕੋਲ ਇਕ ਵੈਧ ਆਧਾਰ ਕਾਰਡ ਅਤੇ ਇਕ ਵੈਧ ਵੋਟਰ ਆਈ.ਡੀ. ਕਾਰਡ ਹੋਣਾ ਚਾਹੀਦਾ ਹੈ | ਇਸ ਸੰਬੰਧੀ ਜਲਦੀ ਹੀ ਕੈਂਪ ਲਗਾਏ ਜਾਣਗੇ | ਇਹ ਸਕੀਮ ਨਵੀਨ ਸਿਹਤ ਲਾਭ ਪੈਕੇਜ (ਐਚ.ਬੀ.ਪੀ 2.2) ਨੂੰ ਅਪਣਾਉਂਦੀ ਹੈ, ਜੋ 2 ਹਜ਼ਾਰ ਤੋਂ ਵੱਧ ਸਿਲੈਕਟਿਡ ਇਲਾਜ ਪੈਕੇਜਾਂ ਰਾਹੀਂ ਵਿਆਪਕ ਕਵਰੇਜ ਕਰੇਗੀ | ਇਸ ਯੋਜਨਾ ਤਹਿਤ ਲਾਭਪਾਤਰੀ 824 ਸੂਚੀਬੱਧ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਸਕਦੇ ਹਨ, ਜਿਨ੍ਹਾਂ ਵਿਚ ਮੌਜੂਦਾ ਸਮੇਂ 212 ਸਰਕਾਰੀ ਹਸਪਤਾਲ, ਭਾਰਤ ਸਰਕਾਰ ਅਧੀਨ ਅੱਠ ਹਸਪਤਾਲ ਅਤੇ 600 ਤੋਂ ਵੱਧ ਨਿੱਜੀ ਹਸਪਤਾਲ ਸ਼ਾਮਿਲ ਹਨ | ਇਸ ਮੌਕੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਵੀ ਮੌਜੂਦ ਸਨ | ਇਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਜਲਦੀ ਹੀ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ |
ਪੰਜਾਬ 'ਚ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ 15 ਤੋਂ
ਅਜੀਤ ਡੈਸਕ
03-01-2026