ਦੁਬਈ/ਯੂ.ਏ.ਈ., 2 ਜਨਵਰੀ (ਏਜੰਸੀ)-ਈਰਾਨ ਦੀ ਖਸਤਾਹਾਲ ਆਰਥਿਕਤਾ ਕਾਰਨ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਵੀਰਵਾਰ ਨੂੰ ਇਸਲਾਮੀ ਗਣਰਾਜ ਦੇ ਪੇਂਡੂ ਸੂਬਿਆਂ ਤੱਕ ਫੈਲ ਗਏ, ਜਿਸ ਦੌਰਾਨ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈਆਂ ਸ਼ੁਰੂਆਤੀ ਝੜਪਾਂ 'ਚ ਘੱਟੋ-ਘੱਟ 7 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ | ਇਹ ਮੌਤਾਂ, ਜਿਨ੍ਹਾਂ 'ਚ ਦੋ ਬੁੱਧਵਾਰ ਅਤੇ ਪੰਜ ਵੀਰਵਾਰ ਨੂੰ ਹੋਈਆਂ ਮੌਤਾਂ ਸ਼ਾਮਿਲ ਹਨ, ਮੁੱਖ ਤੌਰ 'ਤੇ ਈਰਾਨ ਦੇ 'ਲੁਰ' ਨਸਲੀ ਸਮੂਹ ਦੇ ਨਿਵਾਸ ਸਥਾਨਾਂ ਵਾਲੇ ਚਾਰ ਸ਼ਹਿਰਾਂ 'ਚ ਵਾਪਰੀਆਂ ਹਨ | ਸਾਲ 2022 'ਚ ਮਹਸਾ ਅਮੀਨੀ ਦੀ ਪੁਲਿਸ ਹਿਰਾਸਤ 'ਚ ਮੌਤ ਤੋਂ ਬਾਅਦ ਇਹ ਈਰਾਨ ਦੇ ਸਭ ਤੋਂ ਵੱਡੇ ਪ੍ਰਦਰਸ਼ਨ ਬਣ ਗਏ ਹਨ | ਸਭ ਤੋਂ ਵੱਧ ਹਿੰਸਾ ਲੋਰੇਸਤਾਨ ਸੂਬੇ ਦੇ ਅਜ਼ਨਾ ਸ਼ਹਿਰ 'ਚ ਦੇਖੀ ਗਈ, ਜਿਥੇ ਫਾਰਸ ਨਿਊਜ਼ ਏਜੰਸੀ ਅਨੁਸਾਰ ਤਿੰਨ ਲੋਕ ਮਾਰੇ ਗਏ ਹਨ | ਲਾਰਡੇਗਨ ਸ਼ਹਿਰ 'ਚ ਵੀ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਖ਼ਬਰ ਹੈ | ਇਸ ਤੋਂ ਇਲਾਵਾ ਇਸਫ਼ਾਹਾਨ ਦੇ ਫੁਲਾਦਸ਼ਹਿਰ 'ਚ ਇਕ ਵਿਅਕਤੀ ਅਤੇ ਕੁਹਦਾਸ਼ਤ 'ਚ ਰੈਵੋਲਿਊਸ਼ਨਰੀ ਗਾਰਡ ਦੇ ਇਕ 21 ਸਾਲਾ ਬਾਸੀਜ ਮੈਂਬਰ ਦੀ ਮੌਤ ਹੋਈ ਹੈ | ਡਿਪਟੀ ਗਵਰਨਰ ਸਈਦ ਪੁਰਾਲੀ ਨੇ ਮੰਨਿਆ ਕਿ ਇਹ ਪ੍ਰਦਰਸ਼ਨ ਆਰਥਿਕ ਦਬਾਅ, ਮਹਿੰਗਾਈ ਅਤੇ ਕਰੰਸੀ ਦੇ ਡਿਗਦੇ ਮੁੱਲ (ਜਿਥੇ ਇਕ ਡਾਲਰ 1.4 ਮਿਲੀਅਨ ਰਿਆਲ ਤੱਕ ਪਹੁੰਚ ਗਿਆ ਹੈ) ਕਾਰਨ ਹੋ ਰਹੇ ਹਨ | ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦੀ ਸਰਕਾਰ ਨੇ ਗੱਲਬਾਤ ਦਾ ਸੰਕੇਤ ਦਿੱਤਾ ਹੈ, ਪਰ ਆਰਥਿਕ ਸਥਿਤੀ ਬੇਕਾਬੂ ਨਜ਼ਰ ਆ ਰਹੀ ਹੈ | ਇਹ ਤਣਾਅ ਅਜਿਹੇ ਸਮੇਂ ਵਧ ਰਿਹਾ ਹੈ ਜਦੋਂ ਈਰਾਨ ਇਜ਼ਰਾਈਲ ਨਾਲ ਜੰਗ ਅਤੇ ਅਮਰੀਕੀ ਬੰਬਾਰੀ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ |