ਅੰਮਿ੍ਤਸਰ, 2 ਜਨਵਰੀ (ਰੇਸ਼ਮ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ 'ਚ ਅੰਮਿ੍ਤਸਰ ਪੁਲਿਸ ਵਲੋਂ ਚੰਡੀਗੜ੍ਹ ਤੋਂ ਗਿ੍ਫ਼ਤਾਰ ਕੀਤੇੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀ.ਏ. ਸਤਿੰਦਰ ਸਿੰਘ ਕੋਹਲੀ ਨੂੰ ਬੀਤੀ ਦੇਰ ਰਾਤ ਇਥੇ ਡਿਊਟੀ ਮੈਜਿਸਟਰੇਟ ਗੌਰਵ ਕੁਮਾਰ ਸ਼ਰਮਾ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਹੋਰ ਪੁੱਛਗਿੱਛ ਕਰਨ ਲਈ ਉਸ ਦਾ 6 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ | ਕਰੀਬ ਰਾਤ ਸਾਢੇ 10 ਤੋਂ 11 ਵਜੇ ਤੱਕ ਕੋਹਲੀ ਦੀ ਪੇਸ਼ੀ ਦਰਮਿਆਨ ਪੁਲਿਸ ਨੇ ਪੂਰੇ ਅਦਾਲਤੀ ਸਮੂਹ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਤੇ ਪੱਤਰਕਾਰਾਂ ਨੂੰ ਨੇੜੇ ਆਉਣ ਤੋਂ ਰੋਕਣ ਲਈ ਬੈਰੀਕੇਡ ਲਗਾ ਕੇ ਸਖ਼ਤ ਪਹਿਰੇ ਲਗਾ ਦਿੱਤੇ | ਇਸ ਮੌਕੇ ਪੁਲਿਸ ਵਲੋਂ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨਾਲ ਬਦਸਲੂਕੀ ਕਰਦਿਆਂ ਧੱਕਾ-ਮੁੱਕੀ ਵੀ ਕੀਤੀ, ਜਿਸ ਦੀ ਅੰਮਿ੍ਤਸਰ ਦੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਸਖ਼ਤ ਨਿੰਦਾ ਕੀਤੀ ਗਈ ਹੈ | ਕੋਹਲੀ ਨੂੰ ਬੀਤੇ ਦਿਨੀਂ ਦਸਬੰਰ ਮਹੀਨੇ 'ਚ ਥਾਣਾ ਸੀ ਡਵੀਜ਼ਨ ਦੀ ਪੁਲਿਸ ਵਲੋਂ ਦਰਜ ਕੀਤੇ ਧੋਖਾਧੜੀ ਤੇ ਗਬਨ ਦੇ ਚਰਚਿਤ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਸੀ | 328 ਪਾਵਨ ਸਰੂਪ ਲਾਪਤਾ ਹੋਣ ਦਾ ਮਾਮਲਾ 2020 ਤੋਂ ਚਰਚਾ 'ਚ ਹੈ, ਜਿਸ 'ਚ ਬੀਤੇ ਦਿਨੀ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ ਸਰਕਾਰ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸ ਦੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਕਮੇਟੀ ਵੀ ਗਠਿਤ ਕੀਤੀ ਗਈ ਹੈ | ਮਿਲੇ ਵੇਰਵਿਆਂ ਅਨੁਸਾਰ ਕੋਹਲੀ ਨੂੰ ਗਠਿਤ ਕੀਤੀ ਸਿੱਟ ਦੇ ਮੈਂਬਰ ਏ.ਸੀ.ਪੀ. ਹਰਮਿੰਦਰ ਸਿੰਘ 'ਤੇ ਆਧਾਰਿਤ ਟੀਮ ਵਲੋਂ ਚੰਡੀਗੜ੍ਹ ਤੋਂ ਗਿ੍ਫ਼ਤਾਰ ਕੀਤਾ ਗਿਆ | ਪਰ ਕੋਹਲੀ ਨੂੰ ਪੇਸ਼ੀ ਮੌਕੇ ਕੋਈ ਹਊਆ ਬਣਾ ਕੇ ਪੇਸ਼ ਕਰਨਾ ਤੇ ਉਸ ਦੀ ਪੇਸ਼ੀ ਨੂੰ ਪੱਤਰਕਾਰਾਂ ਤੋਂ ਲੁਕਾਉਣ ਦੀ ਗੱਲ ਸਮਝ ਤੋਂ ਬਾਹਰ ਹੈ |