ਸੁਰਿੰਦਰ ਕੋਛੜ
ਅੰਮਿ੍ਤਸਰ, 2 ਜਨਵਰੀ-ਪਾਕਿਸਤਾਨ ਤੋਂ ਬਲੋਚਿਸਤਾਨ ਦੀ ਆਜ਼ਾਦੀ ਦੀ ਲੰਬੇ ਸਮੇਂ ਮੰਗ ਕਰਦੇ ਆ ਰਹੇ ਬਲੋਚ ਨੇਤਾ ਮੀਰ ਯਾਰ ਬਲੋਚ ਨੇ ਸਿੱਧੇ ਤੌਰ 'ਤੇ ਭਾਰਤ ਦਾ ਸਮਰਥਨ ਕਰਦਿਆਂ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਇਕ ਖੁੱਲ੍ਹਾ ਪੱਤਰ ਲਿਖ ਕੇ ਭਾਰਤ ਨੂੰ ਪਾਕਿ 'ਤੇ ਹਮਲਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਤੁਸੀਂ ਪਾਕਿ ਨੂੰ ਜੜ੍ਹ ਤੋਂ ਪੁੱਟ ਦਿਓ, ਅਸੀਂ ਭਾਰਤ ਦੇ ਨਾਲ ਖੜ੍ਹੇ ਹਾਂ | ਉਸ ਨੇ ਪੱਤਰ 'ਚ ਪਾਕਿ ਬਾਰੇ ਅੰਦਰੂਨੀ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਪਾਕਿ ਅਤੇ ਚੀਨ ਦੀਆਂ ਯੋਜਨਾਵਾਂ ਦਾ ਵੀ ਖ਼ੁਲਾਸਾ ਕੀਤਾ | ਮੀਰ ਯਾਰ ਬਲੋਚ ਨੇ ਆਪਣੇ ਪੱਤਰ 'ਚ ਕਿਹਾ ਕਿ ਚੀਨ ਪਾਕਿ ਦੇ ਸਹਿਯੋਗ ਨਾਲ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਆਈ.ਸੀ.) ਨੂੰ ਆਪਣੇ ਅੰਤਿਮ ਪੜਾਵਾਂ 'ਤੇ ਲੈ ਆਇਆ ਹੈ | ਇਸ ਦੀ ਮਾਰਫ਼ਤ ਚੀਨ ਭਵਿੱਖ ਵਿਚ ਪਾਕਿ 'ਚ ਆਪਣੀ ਫ਼ੌਜ ਤਾਇਨਾਤ ਕਰ ਸਕਦਾ ਹੈ | ਬਲੋਚ ਨੇਤਾ ਨੇ ਇਸਲਾਮਾਬਾਦ ਅਤੇ ਬੀਜਿੰਗ ਵਿਚਕਾਰ ਇਸ ਚੱਲ ਰਹੀ ਸਾਂਝੇਦਾਰੀ ਨੂੰ ਭਾਰਤ ਲਈ ਖ਼ਤਰਨਾਕ ਦੱਸਿਆ ਹੈ | ਬਲੋਚ ਨੇਤਾ ਵਲੋਂ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਲਿਖਿਆ ਉਕਤ ਪੱਤਰ ਸਾਂਝਾ ਵੀ ਕੀਤਾ ਗਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਬਲੋਚਿਸਤਾਨ ਦੇ ਲੋਕ ਪਿਛਲੇ 79 ਸਾਲਾਂ ਤੋਂ ਅੱਤਵਾਦ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦਾ ਸਾਹਮਣਾ ਕਰ ਰਹੇ ਹਨ | ਇਸ ਗੰਭੀਰ ਸਮੱਸਿਆ ਨੂੰ ਜੜ੍ਹੋਂ ਪੁੱਟਣ ਅਤੇ ਬਲੋਚਿਸਤਾਨ ਦੇ ਲੋਕਾਂ ਲਈ ਸਥਾਈ ਸ਼ਾਂਤੀ ਅਤੇ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਦਾ ਸਮਾਂ ਆ ਗਿਆ ਹੈ | ਉਸ ਨੇ ਇਹ ਵੀ ਲਿਖਿਆ ਕਿ ਬਲੋਚਿਸਤਾਨ ਗਣਰਾਜ ਪਾਕਿ ਅਤੇ ਚੀਨ ਵਿਚਕਾਰ ਵਧ ਰਹੇ ਰਣਨੀਤਕ ਗੱਠਜੋੜ ਨੂੰ ਖ਼ਤਰਨਾਕ ਮੰਨਦਾ ਹੈ | ਬਲੋਚ ਨੇ ਦਾਅਵਾ ਕੀਤਾ ਕਿ ਜੇਕਰ ਬਲੋਚ ਵਿਰੋਧ ਦੇ ਨਾਲ-ਨਾਲ ਸਾਡੇ ਰੱਖਿਆ ਬਲਾਂ ਨੂੰ ਮਜ਼ਬੂਤ ਨਹੀਂ ਕੀਤਾ ਗਿਆ ਅਤੇ ਬਲੋਚ ਲੋਕਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਇਹ ਖੇਤਰ ਜਲਦੀ ਹੀ ਚੀਨੀ ਫ਼ੌਜ ਦੇ ਕਬਜ਼ੇ ਹੇਠ ਆ ਸਕਦਾ ਹੈ | ਦੂਜੇ ਪਾਸੇ, ਪਾਕਿ ਅਤੇ ਚੀਨ ਸੀ.ਪੀ.ਆਈ.ਸੀ. ਤਹਿਤ ਫ਼ੌਜੀ ਵਿਸਥਾਰ ਦੇ ਅਜਿਹੇ ਦੋਸ਼ਾਂ ਨੂੰ ਲਗਾਤਾਰ ਰੱਦ ਕਰਦੇ ਆ ਰਹੇ ਹਨ |
ਪਾਕਿ ਨੂੰ ਜੜ੍ਹੋਂ ਪੁੱਟ ਦਿਓ, ਅਸੀਂ ਭਾਰਤ ਦੇ ਨਾਲ ਖੜ੍ਹੇ ਹਾਂ-ਬਲੋਚ ਨੇਤਾ
ਅਜੀਤ ਡੈਸਕ
03-01-2026