ਨਵੀਂ ਦਿੱਲੀ, 4 ਜਨਵਰੀ (ਪੀ.ਟੀ.ਆਈ.)-ਭਾਜਪਾ ਨੇ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਅੰਮਿ੍ਤਸਰ 'ਚ ਵਿਆਹ ਸਥਾਨ 'ਤੇ ਸੱਤਾਧਾਰੀ 'ਆਪ' ਦੇ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਸੂਬੇ 'ਚ ਕਾਨੂੰਨ ਵਿਵਸਥਾ ਵਿਗੜ ਗਈ ਹੈ | ਘਟਨਾ ਦੀ ਸੀ.ਸੀ.ਟੀਵੀ ਫੁਟੇਜ ਨੂੰ ਐਕਸ 'ਤੇ ਸਾਂਝਾ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਲਿਖਿਆ ਕਿ ਅੰਮਿ੍ਤਸਰ 'ਚ ਦਿਨ-ਦਿਹਾੜੇ 'ਆਪ' ਨਾਲ ਸੰਬੰਧਿਤ ਸਰਪੰਚ ਦੀ ਹੱਤਿਆ ਦਾ ਭਿਆਨਕ ਵੀਡੀਓ | ਪੰਜਾਬ 'ਚ ਇਸ ਤੋਂ ਜ਼ਿਆਦਾ ਬੇਸ਼ਰਮੀ ਹੋਰ ਕੁਝ ਨਹੀਂ ਹੋ ਸਕਦੀ | ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ, ਜੋ ਆਪਣਾ ਚਿਹਰਾ ਵੀ ਨਹੀਂ ਛੁਪਾਉਂਦੇ | ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਰਾਜ 'ਚ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਗਈ ਹੈ |