ਭੁਗਤਾਨ, ਦਸਤਾਵੇਜ਼ ਤੇ ਦੋਸ਼ਪੂਰਨ ਵਿੱਤੀ ਰਿਕਾਰਡਾਂ ਦੀ ਕੀਤੀ ਜਾ ਰਹੀ ਹੈ ਘੋਖ-ਪੁਲਿਸ ਕਮਿਸ਼ਨਰ
ਅੰਮ੍ਰਿਤਸਰ, 4 ਜਨਵਰੀ (ਰੇਸ਼ਮ ਸਿੰਘ)-ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਇਸ ਕਾਰਵਾਈ ਦੌਰਾਨ 14 ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਮੋਬਾਈਲ ਫੋਨ, ਟੈਬਲੇਟਾਂ, ਕੰਪਿਊਟਰ ਅਤੇ ਅਸੈਸਰੀਜ਼, ਸਟੋਰੇਜ ਡਿਵਾਈਸਾਂ ਸਮੇਤ ਦੋਸ਼ਪੂਰਨ ਵਿੱਤੀ ਰਿਕਾਰਡ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਸਿਟ ਦੇ ਕਨਵੀਨਰ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਸੀ-ਡਵੀਜ਼ਨ ਵਿਚ ਦਰਜ ਕੀਤੀ ਗਈ ਐੱਫ.ਆਈ.ਆਰ. ਵਿਚ ਕੁੱਲ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਦੋ ਮੁਲਜ਼ਮਾਂ ਦੀ ਕਥਿਤ ਤੌਰ 'ਤੇ ਮੌਤ ਹੋ ਚੁੱਕੀ ਹੈ ਅਤੇ 14 ਵਿਅਕਤੀਆਂ ਦੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ਵਿਚ ਹੁਣ ਤੱਕ ਸਤਿੰਦਰ ਸਿੰਘ ਕੋਹਲੀ ਅਤੇ ਕੰਵਲਜੀਤ ਸਿੰਘ ਉਰਫ਼ ਕਵਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੱਟ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਕੰਵਲਜੀਤ ਸਿੰਘ ਉਰਫ਼ ਕਵਲਜੀਤ ਸਿੰਘ ਨੂੰ 3 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਹਾਇਕ ਵਜੋਂ ਕੰਮ ਕਰ ਰਿਹਾ ਸੀ ਅਤੇ ਪਵਿੱਤਰ ਸਰੂਪਾਂ ਦੀ ਸਾਂਭ-ਸੰਭਾਲ, ਮਰਿਆਦਾ, ਅਣ-ਅਧਿਕਾਰਤ ਛਪਾਈ ਦੌਰਾਨ ਹੋਈਆਂ ਗੰਭੀਰ ਕੁਤਾਹੀਆਂ ਅਤੇ ਊਣਤਾਈਆਂ ਵਿਚ ਉਸ ਦੀ ਸਿੱਧੀ ਭੂਮਿਕਾ ਸੀ। ਬੀਤੇ ਦਿਨ ਪੁਲਿਸ ਵਲੋਂ ਪੰਜਾਬ ਅਤੇ ਚੰਡੀਗੜ੍ਹ ਵਿਚ ਕੁੱਲ 14 ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਵਿਚ ਚੰਡੀਗੜ੍ਹ ਵਿਚ 2 ਥਾਵਾਂ, ਅੰਮ੍ਰਿਤਸਰ ਸ਼ਹਿਰ ਵਿਚ 8 ਥਾਵਾਂ ਅਤੇ ਗੁਰਦਾਸਪੁਰ, ਰੋਪੜ, ਤਰਨ ਤਾਰਨ ਅਤੇ ਅੰਮ੍ਰਿਤਸਰ ਦਿਹਾਤੀ ਵਿਚ 1-1 ਥਾਂ 'ਤੇ ਛਾਪੇਮਾਰੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ, 7 ਮੋਬਾਈਲ ਫ਼ੋਨ, 3 ਟੈਬਲੇਟ, 2 ਲੈਪਟਾਪ, 1 ਸਟੋਰੇਜ ਡਿਵਾਈਸ ਅਤੇ ਦੋਸ਼ਪੂਰਨ ਵਿੱਤੀ ਰਿਕਾਰਡ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਜ਼ਬਤ ਕੀਤੇ ਗਏ ਬਿਜਲਈ ਯੰਤਰਾਂ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ ਅਤੇ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਅਤੇ ਵਿੱਤੀ ਰਿਕਾਰਡਾਂ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਕਿਉਂਕਿ ਭੁਗਤਾਨ ਕਰਨ ਵਾਲੀਆਂ ਕੰਪਨੀਆਂ ਦੀਆਂ ਕੜੀਆਂ ਸਿਆਸਤਦਾਨਾਂ ਸਮੇਤ ਕਈ ਰਸੂਖ਼ਦਾਰ ਵਿਅਕਤੀਆਂ ਨਾਲ ਜੁੜੀਆਂ ਹਨ। ਐੱਸ. ਆਈ. ਟੀ. ਇਸ ਗੰਭੀਰ ਮਸਲੇ ਦੀ ਯੋਜਨਾਬੱਧ ਢੰਗ ਅਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਪੁਖ਼ਤਾ ਸਬੂਤ ਜੁਟਾਏ ਜਾ ਰਹੇ ਹਨ। ਇਸ ਸੰਬੰਧੀ ਹੋਰ ਥਾਈਂ ਛਾਪੇ ਮਾਰੇ ਜਾਣ ਅਤੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਲਾਪਤਾ ਸਰੂਪਾਂ ਦਾ ਮਾਮਲਾ-ਵਿਸ਼ੇਸ਼ ਜਾਂਚ ਟੀਮ ਵਲੋਂ ਮੋਬਾਈਲ, ਟੈਬਲੇਟ ਤੇ ਕੰਪਿਊਟਰ ਸਮੇਤ 'ਸਟੋਰੇਜ ਡਿਵਾਈਸ' ਬਰਾਮਦ
ਅਜੀਤ ਡੈਸਕ
05-01-2026