ਮਾਮਲੇ 'ਚ ਕੋਈ ਵੀ.ਆਈ.ਪੀ. ਸ਼ਾਮਿਲ ਨਹੀਂ-ਐਸ.ਪੀ.
ਦੇਹਰਾਦੂਨ, 4 ਜਨਵਰੀ (ਏਜੰਸੀ)-ਅੰਕਿਤਾ ਭੰਡਾਰੀ ਹੱਤਿਆ ਮਾਮਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਲੈ ਕੇ ਦੇਹਰਾਦੂਨ 'ਚ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਮੁੱਖ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਮੰਗ ਕੀਤੀ। ਇਸ ਵਿਚਾਲੇ ਹਰਿਦੁਆਰ ਦੇ ਐਸ. ਪੀ. (ਦਿਹਾਤੀ) ਸ਼ੇਖਰ ਸੁਆਲ ਨੇ ਕਿਹਾ ਕਿ ਜਾਂਚ ਦੌਰਾਨ ਮਾਮਲੇ 'ਚ ਕੋਈ ਵੀ 'ਵੀ. ਆਈ. ਪੀ.' (ਬਹੁਤ ਅਹਿਮ ਵਿਅਕਤੀ) ਸ਼ਾਮਿਲ ਨਹੀਂ ਪਾਇਆ ਗਿਆ। ਉਨ੍ਹਾਂ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਚੈਟਾਂ ਅਤੇ ਪੁੱਛਗਿੱਛ ਦੌਰਾਨ ਜਿਸ ਵਿਅਕਤੀ ਦਾ ਨਾਂਅ ਸਾਹਮਣੇ ਆਇਆ ਉਹ ਅੰਕਿਤਾ ਦਾ ਦੋਸਤ ਧਰਮਿੰਦਰ ਕੁਮਾਰ ਉਰਫ਼ ਪ੍ਰਧਾਨ ਸੀ, ਜੋ ਨੋਇਡਾ ਦਾ ਰਹਿਣ ਵਾਲਾ ਹੈ । ਜਾਂਚ ਦੌਰਾਨ ਪਤਾ ਲੱਗਾ ਕਿ ਉਹ ਅੰਕਿਤਾ ਦੀ ਹੱਤਿਆ ਤੋਂ ਦੋ ਦਿਨ ਪਹਿਲਾਂ ਕਿਸੇ ਕੰਮ ਲਈ ਇਲਾਕੇ 'ਚ ਆਇਆ ਸੀ ਅਤੇ ਖਾਣਾ ਖਾਣ ਲਈ ਥੋੜ੍ਹੇ ਸਮੇਂ ਲਈ ਵੰਤਰਾ ਰਿਜ਼ੋਰਟ 'ਚ ਰੁਕਿਆ ਸੀ। ਭਾਜਪਾ ਦੇ ਸਾਬਕਾ ਵਿਧਾਇਕ ਸੁਰੇਸ਼ ਰਾਠੌਰ ਦੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਉਰਮਿਲਾ ਸਨਾਵਰ ਨੇ ਹਾਲ ਹੀ 'ਚ ਰਾਠੌਰ ਨਾਲ ਆਪਣੀ ਕਥਿਤ ਗੱਲਬਾਤ ਦੀਆਂ ਵੀਡੀਓ ਅਤੇ ਆਡੀਓ ਰਿਕਾਰਡਿੰਗ ਜਾਰੀ ਕੀਤੀਆਂ ਹਨ, ਜਿਸ 'ਚ ਦੋਸ਼ ਲਗਾਇਆ ਗਿਆ ਕਿ ਭੰਡਾਰੀ ਹੱਤਿਆ ਮਾਮਲੇ 'ਚ 'ਵੀ.ਆਈ.ਪੀ.' 'ਗੱਟੂ' ਨਾਂਅ ਦਾ ਇਕ ਵਿਅਕਤੀ ਸ਼ਾਮਿਲ ਹੈ। ਇਕ ਹੋਰ ਵੀਡੀਓ 'ਚ ਉਸ ਨੇ ਗੱਟੂ ਨੂੰ ਉਤਰਾਖੰਡ 'ਚ ਇਕ ਚੋਟੀ ਦਾ ਭਾਜਪਾ ਨੇਤਾ ਦੱਸਿਆ। ਹਾਲਾਂਕਿ ਭਾਜਪਾ ਤੋਂ ਕੱਢੇ ਗਏ ਰਾਠੌਰ ਨੇ ਕਿਹਾ ਕਿ ਉਸ ਦੀ ਆਵਾਜ਼ ਏ.ਆਈ. ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਸੀ ਅਤੇ ਆਡੀਓਜ਼ ਨੂੰ ਉਸ ਦੇ ਰਾਜਨੀਤਕ ਅਕਸ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਸਾਂਝਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੌੜੀ ਜ਼ਿਲ੍ਹੇ ਦੇ ਇਕ ਰਿਜ਼ੋਰਟ 'ਚ ਰਿਸੈਪਸ਼ਨ ਵਜੋਂ ਕੰਮ ਕਰਨ ਵਾਲੀ ਭੰਡਾਰੀ ਦੀ 18 ਸਤੰਬਰ, 2022 ਨੂੰ ਹੱਤਿਆ ਕਰ ਦਿੱਤੀ ਗਈ ਸੀ। ਅਦਾਲਤ ਨੇ ਰਿਜ਼ੋਰਟ ਦੇ ਮਾਲਕ ਤੇ ਇਕ ਭਾਜਪਾ ਨੇਤਾ ਦੇ ਪੁੱਤਰ ਪੁਲਕਿਤ ਆਰੀਆ ਅਤੇ ਦੋ ਹੋਰਾਂ ਨੂੰ ਇਸ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਅੰਕਿਤਾ ਭੰਡਾਰੀ ਹੱਤਿਆ ਕਾਂਡ-ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਲੈ ਕੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ
ਅਜੀਤ ਡੈਸਕ
05-01-2026