04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਾਬਕਾ ਫ਼ੌਜ ਮੁਖੀ ਨਰਵਾਣੇ ਦੀ ਕਿਤਾਬ ਨੂੰ ਲੈ ਕੇ ਸੰਸਦ 'ਚ ਹੰਗਾਮਾ <br/>

Ad Position 21
No active advertisement
ਅਜੀਤ ਡੈਸਕ 03-02-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 2 ਫਰਵਰੀ-'ਚੀਨ ਦੇ ਨਾਲ ਅਸਲ ਕੰਟਰੋਲ ਰੇਖਾ 'ਤੇ ਗੰਭੀਰ ਸਥਿਤੀ ਬਣੀ ਹੋਈ ਸੀ ਅਤੇ ਅਜਿਹੀ ਸਥਿਤੀ ਨੂੰ ਅਣਗੌਲਿਆ ਨਹੀਂ ਜਾ ਸਕਦਾ |' ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਾਬਕਾ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਦੀ 2020 'ਚ ਭਾਰਤ ਅਤੇ ਚੀਨ ਦਰਮਿਆਨ ਹੋਏ ਲੱਦਾਖ ਅੜਿੱਕੇ 'ਤੇ ਇਕ ਅਪ੍ਰਕਾਸ਼ਿਤ ਕਿਤਾਬ ਦੇ ਹਵਾਲੇ ਨਾਲ ਉਕਤ ਦਾਅਵਾ ਕੀਤਾ | ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ 4 ਚੀਨੀ ਟੈਂਕ ਲੱਦਾਖ ਸਰਹੱਦ 'ਚ ਪਹੁੰਚ ਗਏ ਸੀ | ਉਨ੍ਹਾਂ ਦੇ ਇਸ ਦਾਅਵੇ ਤੋਂ ਬਾਅਦ ਲੋਕ ਸਭਾ 'ਚ ਜੰਮ ਕੇ ਹੰਗਾਮਾ ਹੋਇਆ, ਜਿਸ 'ਚ ਰੱਖਿਆ ਮੰਤਰੀ, ਗ੍ਰ©ਹਿ ਮੰਤਰੀ ਅਤੇ ਸਪੀਕਰ ਨੇ ਆਪੋ-ਆਪਣੇ ਢੰਗ ਨਾਲ ਉਨ੍ਹਾਂ (ਰਾਹੁਲ) ਦੇ ਬਿਆਨ 'ਤੇ ਟੋਕਦਿਆਂ ਇਤਰਾਜ਼ ਪ੍ਰਗਟਾਇਆ | ਹੰਗਾਮਿਆਂ ਕਾਰਨ ਸਭਾ ਦੀ ਕਾਰਵਾਈ ਤਿੰਨ ਵਾਰ ਉਠਾਉਣ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ | ਰਾਹੁਲ ਗਾਂਧੀ ਨੇ ਸਦਨ ਤੋਂ ਬਾਹਰ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਹ ਰਾਸ਼ਟਰੀ ਸੁਰੱਖਿਆ ਜਿਹੇ ਗੰਭੀਰ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਰਕਾਰ ਚਰਚਾ ਤੋਂ ਭੱਜ ਰਹੀ ਹੈ |
ਡੋਕਲਾਮ 'ਚ 4 ਚੀਨੀ ਟੈਂਕ ਭਾਰਤ ਦੀ ਸਰਹੱਦ 'ਚ ਪਹੁੰਚੇ ਸਨ-ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਮਤੇ ਤੇ ਵਿਰੋਧੀ ਧਿਰ ਵਲੋਂ ਚਰਚਾ ਦੀ ਸ਼ੁਰੂਆਤ ਕਰਦਿਆਂ ਸੁਰੱਖਿਆ ਦਾ ਮੁੱਦਾ ਉਠਾਉਂਦਿਆਂ ਸਾਬਕਾ ਫ਼ੌਜ ਮੁਖੀ ਜਨਰਲ ਨਰਵਾਣੇ ਦੀ ਅਪ੍ਰਕਾਸ਼ਿਤ ਕਿਤਾਬ 'ਫੋਰ ਸਟਾਰਸ ਆਫ਼ ਡੈਸਟਿਨੀ' ਜੋ ਕਿ ਉਨ੍ਹਾਂ ਦੀ ਆਤਮਕਥਾ ਹੈ, ਦਾ ਹਵਾਲਾ ਦਿੰਦਿਆਂ ਕਿਹਾ ਕਿ ਡੋਕਲਾਮ 'ਚ 4 ਚੀਨੀ ਟੈਂਕ ਭਾਰਤ ਦੀ ਸਰਹੱਦ 'ਚ ਪਹੁੰਚੇ ਸਨ | ਉਨ੍ਹਾਂ ਕਿਹਾ ਕਿ ਉਹ ਇਹ ਗੱਲ ਇਕ ਮੈਗਜ਼ੀਨ ਦੇ ਹਵਾਲੇ ਨਾਲ ਕਹਿ ਰਹੇ ਹਨ ਜਿਸ 'ਚ ਸਾਬਕਾ ਫ਼ੌਜ ਮੁਖੀ ਐਮ.ਐਮ. ਨਰਵਾਣੇ ਦੀ ਕਿਤਾਬ ਦਾ ਹਵਾਲਾ ਦਿੱਤਾ ਗਿਆ ਹੈ | ਰਾਹੁਲ ਗਾਂਧੀ ਵਲੋਂ ਡੋਕਲਾਮ ਦੇ ਜ਼ਿਕਰ 'ਤੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟੋਕਦਿਆਂ ਕਿਹਾ ਕਿ ਜੇਕਰ ਇਹ ਸਭ ਪ੍ਰਕਾਸ਼ਿਤ ਹੋਇਆ ਹੈ, ਤਾਂ ਹੀ ਇਸਦਾ ਜ਼ਿਕਰ ਕਰਨ, ਨਹੀਂ ਤਾਂ ਇਸ ਨੂੰ ਛੱਡ ਦਿਉ | ਰਾਹੁਲ ਗਾਂਧੀ ਨੇ ਮੁੜ ਆਪਣੀ ਗੱਲ ਰੱਖਦਿਆਂ ਕਿਹਾ ਕਿ ਨਰਵਾਣੇ ਦੀ ਕਿਤਾਬ 'ਚ ਰੱਖਿਆ ਮੰਤਰੀ ਅਤੇ ਪ੍ਰਧਾਨ ਮੰਤਰੀ ਦਾ ਜ਼ਿਕਰ ਹੈ, ਉਹ (ਰਾਹੁਲ) ਉਹੀ ਦੱਸ ਰਹੇ ਹਨ |
ਸਪੀਕਰ ਓਮ ਬਿਰਲਾ ਨੇ ਰਾਹੁਲ ਗਾਂਧੀ ਨੂੰ ਟੋਕਦਿਆਂ ਕਿਹਾ ਕਿ ਉਹ ਜੋ ਵੀ ਕਹਿ ਰਹੇ ਹਨ, ਉਸ ਦੀ ਤਸਦੀਕ ਵੀ ਸਦਨ 'ਚ ਕਰਨ ਦੀ ਲੋੜ ਹੈ | ਸਪੀਕਰ ਨੇ ਰਾਹੁਲ ਗਾਂਧੀ ਦੀ ਭੈਣ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਵੀ ਇਕ ਗੱਲ ਕਹੀ ਸੀ ਅਤੇ ਉਸ ਦੀ ਤਸਦੀਕ ਵੀ ਪੇਸ਼© ਕੀਤੀ ਸੀ | ਤੁਹਾਡੇ ਤੋਂ ਵੀ ਇਹੀ ਉਮੀਦ ਹੈ | ਰਾਹੁਲ ਗਾਂਧੀ ਨੇ ਆਪਣੀ ਗੱਲ 'ਤੇ ਕਾਇਮ ਰਹਿੰਦਿਆਂ ਕਿਹਾ ਕਿ ਇਹ 100 ਫ਼ੀਸਦੀ ਤਸਦੀਕਸ਼ੁਦਾ (ਬਿਆਨ) ਹੈ | ਰਾਜਨਾਥ ਸਿੰਘ ਨੇ ਕਿਹਾ ਕਿ ਉਹ ਜਿਸ ਕਿਤਾਬ ਬਾਰੇ ਬੋਲ ਰਹੇ ਹਨ, ਉਹ ਕਿਤਾਬ ਪ੍ਰਕਾਸ਼ਿਤ ਨਹੀਂ ਹੋਈ | ਰਾਹੁਲ ਦੇ ਬਿਆਨ 'ਤੇ ਸਦਨ 'ਚ ਹੋਏ ਤਿੱਖੇ ਹੰਗਾਮੇ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟੋਕਦਿਆਂ ਕਿਹਾ ਕਿ ਉਹ (ਜਿਸ ਦਾ ਹਵਾਲਾ ਰਾਹੁਲ ਗਾਂਧੀ ਦੇ ਰਹੇ ਸਨ) ਇਕ ਮੈਗਜ਼ੀਨ ਦੀ ਰਿਪੋਰਟ ਹੈ, ਨਰਵਾਣੇ ਨੇ ਅਜਿਹਾ ਕੁਝ ਨਹੀਂ ਕਿਹਾ | ਸਪੀਕਰ ਓਮ ਬਿਰਲਾ ਨੇ ਨੇਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿਰਫ਼ ਅਖ਼ਬਾਰ ਦੀ ਕਟਿੰਗ ਹੀ ਸਦਨ 'ਚ ਚੱਲ ਸਕਦੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਰੱਖ ਸਕਦੇ | ਜਿਸ 'ਤੇ ਰਾਹੁਲ ਗਾਂਧੀ ਨੇ ਮੁੜ ਆਪਣੀ ਗੱਲ ਰੱਖਦਿਆਂ ਕਿਹਾ ਕਿ ਇਹ ਸਭ ਨਰਵਾਣੇ ਨੇ ਕਿਹਾ ਹੈ ਅਤੇ ਉਨ੍ਹਾਂ ਦੀ ਕਿਤਾਬ ਨੂੰ ਪ੍ਰਕਾਸ਼ਿਤ ਨਹੀਂ ਕਰਨ ਦਿੱਤਾ ਗਿਆ | ਸਦਨ 'ਚ ਦਿੱਤੇ ਬਿਆਨਾਂ ਦੀ ਤਸਦੀਕ ਸੰਬੰਧੀ ਨੇਮਾਂ ਨੂੰ ਲੈ ਕੇ ਚੱਲੀ ਇਕ ਲੰਬੀ ਬਹਿਸ 'ਚ ਜਿਥੇ ਰੱਖਿਆ ਮੰਤਰੀ, ਗ੍ਰਹਿ ਮੰਤਰੀ ਅਤੇ ਸਪੀਕਰ ਵਾਰ-ਵਾਰ ਸਦਨ ਦੇ ਨੇਮਾਂ ਨੂੰ ਇਕ ਢੰਗ ਨਾਲ ਪਰਿਭਾਸ਼ਿਤ ਕਰ ਰਹੇ ਸਨ ਅਤੇ ਰਾਹੁਲ ਗਾਂਧੀ ਦੂਜੇ ਢੰਗ ਨਾਲ ਉਸੇ ਹੀ ਨੇਮ ਨੂੰ ਪਰਿਭਾਸ਼ਿਤ ਕਰਦੇ ਨਜ਼ਰ ਆਏ | ਗ੍ਰਹਿ ਮੰਤਰੀ ਨੇ ਰਾਹੁਲ ਵਲੋਂ 'ਅਪ੍ਰਕਾਸ਼ਿਤ' ਕਿਤਾਬ ਦਾ ਜ਼ਿਕਰ ਕਰਨ 'ਤੇ ਕਿਹਾ ਕਿ ਉਨ੍ਹਾਂ ਆਪ ਹੀ ਕਹਿ ਦਿੱਤਾ ਕਿ ਕਿਤਾਬ ਪ੍ਰਕਾਸ਼ਿਤ ਨਹੀਂ ਹੋਈ ਅਤੇ ਜਿਹੜੀ ਕਿਤਾਬ ਪ੍ਰਕਾਸ਼ਿਤ ਨਹੀਂ ਹੋਈ ਉਸ ਦਾ ਜ਼ਿਕਰ ਕਿਵੇਂ ਕੀਤਾ ਜਾ ਸਕਦਾ ਹੈ |
45 ਮਿੰਟ ਤੱਕ ਚਲਦਾ ਰਿਹਾ ਅੜਿੱਕਾ
ਸਾਬਕਾ ਫ਼ੌਜ ਮੁਖੀ ਨਰਵਾਣੇ ਦੀ ਅਪ੍ਰਕਾਸ਼ਿਤ ਕਿਤਾਬ 'ਤੇ ਲੋਕ ਸਭਾ 'ਚ ਤਕਰੀਬਨ ਪੌਣਾ ਘੰਟਾ ਅੜਿੱਕਾ ਚਲਦਾ ਰਿਹਾ | ਰਾਹੁਲ 'ਧੰਨਵਾਦ ਮਤੇ' 'ਤੇ ਬੋਲਣ ਵਾਲੇ ਤੀਜੇ ਬੁਲਾਰੇ ਸਨ | ਉਨ੍ਹਾਂ ਤੋਂ ਪਹਿਲਾਂ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਭਾਜਪਾ ਨੇਤਾ ਤੇਜਸਵੀ ਸੂਰਿਆ ਨੇ ਭਾਸ਼ਨ ਦਿੱਤਾ ਸੀ | ਰਾਹੁਲ ਗਾਂਧੀ ਨੇ 1 ਵੱਜ ਕੇ 25 ਮਿੰਟ 'ਤੇ ਬੋਲਣਾ ਸ਼ੁਰੂ ਕੀਤਾ | ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਹੀ ਨਰਵਾਣੇ ਦੀ ਤਸਵੀਰ ਦੇ ਨਾਲ ਇਕ ਮੈਗਜ਼ੀਨ 'ਚ ਛਪੇ ਲੇਖ ਦਾ ਹਵਾਲਾ ਦਿੱਤਾ ਜਿਸ ਦੇ ਨਾਲ ਹੀ ਹੰਗਾਮਾ ਸ਼ੁਰੂ ਹੋ ਗਿਆ | ਰਾਜਨਾਥ ਸਿੰਘ ਨੇ ਕਈ ਵਾਰ ਟੋਕਣ ਤੋਂ ਬਾਅਦ ਸਪੀਕਰ ਨੂੰ ਕਿਹਾ ਕਿ ਸਦਨ 'ਚ ਇਸ ਮੁੱਦੇ 'ਤੇ ਬੋਲਣ ਦੀ ਇਜ਼ਾਜਤ ਨਹੀਂ ਦਿੱਤੀ ਜਾਣੀ ਚਾਹੀਦੀ | ਰਾਹੁਲ ਗਾਂਧੀ ਨੇ ਸੱਤਾ ਧਿਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਕਹਿੰਦੇ ਹਨ ਕਿ ਇਹ ਅੱਤਵਾਦ ਨਾਲ ਲੜਦੇ ਹਨ ਫਿਰ ਕਿਉਂ ਘਬਰਾ ਰਹੇ ਹਨ | ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਰਾਹੁਲ ਗਾਂਧੀ ਦਾ ਸਮਰਥਨ ਕਰਦਿਆਂ ਕਿਹਾ ਕਿ ਚੀਨ ਦਾ ਸਵਾਲ ਸੰਵੇਦਨਸ਼ੀਲ ਹੈ | ਜੇਕਰ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ ਤਾਂ ਰਾਹੁਲ ਨੂੰ ਪੜ੍ਹਨ ਦੇਣਾ ਚਾਹੀਦਾ ਹੈ | ਰਾਹੁਲ ਗਾਂਧੀ ਨੇ ਮੁੜ ਚੀਨ ਅਤੇ ਭਾਰਤ ਦੇ ਰਿਸ਼ਤੇ ਤੇ ਮੈਗਜ਼ੀਨ 'ਚ ਲਿਖੇ ਲੇਖ ਦੇ ਹਵਾਲੇ ਨਾਲ ਕਿਹਾ ਕਿ 4 ਟੈਂਕ ਕੈਲਾਸ਼ ਰੇਂਜ 'ਚ ਆ ਰਹੇ ਸਨ ਜਿਸ 'ਤੇ ਰੱਖਿਆ ਮੰਤਰੀ ਨੇ ਰਾਹੁਲ ਗਾਂਧੀ 'ਤੇ ਸਦਨ ਨੂੰ ਗੁਮਰਾਹ ਕਰਨ ਦਾ ਇਲਜ਼ਾਮ ਲਗਾਇਆ | ਸਪੀਕਰ ਨੇ ਰਾਹੁਲ ਗਾਂਧੀ ਨੂੰ ਮੁੜ ਸਖ਼ਤ ਲਫ਼ਜ਼ਾਂ 'ਚ ਕਿਹਾ ਕਿ ਉਹ ਲਗਾਤਾਰ ਸਦਨ 'ਚ ਨੇਮਾਂ ਦੀ ਉਲੰਘਣਾ ਕਰ ਰਹੇ ਹਨ | ਜੇਕਰ ਉਹ (ਰਾਹੁਲ) ਰਾਸ਼ਟਰਪਤੀ ਦੇ ਭਾਸ਼ਨ 'ਤੇ ਬੋਲ ਰਹੇ ਹਨ ਤਾਂ ਠੀਕ ਹੈ ਨਹੀਂ ਤਾਂ ਉਹ ਅਗਲੇ ਬੁਲਾਰੇ ਨੂੰ ਮੌਕਾ ਦੇਣਗੇ | ਰਾਹੁਲ ਗਾਂਧੀ ਨੇ ਵੀ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਹ ਕਿਤਾਬ ਦਾ ਹਵਾਲਾ ਨਹੀਂ ਦੇ ਸਕਦੇ, ਮੈਗਜ਼ੀਨ ਦਾ ਹਵਾਲਾ ਨਹੀਂ ਦੇ ਸਕਦੇ | ਫਿਰ ਉਹ ਕਹਿ ਰਹੇ ਹਨ ਕਿ ਭਾਰਤ-ਚੀਨ ਸੰਬੰਧ 'ਤੇ ਬੋਲਦੇ ਹਨ | ਤਾਂ ਦੱਸੋ ਕਿਸ ਰਿਸ਼ਤੇ 'ਤੇ ਬੋਲਣਾ ਕਿਸ ਨੇਮ ਦੀ ਉਲੰਘਣਾ ਹੈ | ਬਿਰਲਾ ਨੇ 'ਵਿਸ਼ੇ' ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਭਾਰਤ ਚੀਨ ਵਿਸ਼ਾ ਨਹੀਂ ਹੈ, ਜਿਸ 'ਤੇ ਮੁੜ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਨ ਤੇ ਅਸੀਂ ਅੰਤਰਰਾਸ਼ਟਰੀ ਸੰਬੰਧਾਂ 'ਤੇ ਨਹੀਂ ਬੋਲ ਸਕਦੇ ਜਦਕਿ ਸੱਤਾ ਧਿਰ, ਵਿਰੋਧੀ ਧਿਰ ਦੀ ਰਾਸ਼ਟਰੀਅਤਾ ਅਤੇ ਦੇਸ਼ ਭਗਤੀ ਨੂੰ ਲੈ ਕੇ ਸਵਾਲ ਉਠਾ ਸਕਦੇ ਹਨ | ਰਾਹੁਲ ਗਾਂਧੀ ਨੇ ਮੁੜ ਆਪਣੀ ਗੱਲ ਰੱਖਦਿਆਂ ਕਿਹਾ ਕਿ ਇਸ ਲੇਖ 'ਚ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਬਾਰੇ ਲਿਖਿਆ ਹੈ, ਉਨ੍ਹਾਂ ਨੂੰ ਇਸ 'ਤੇ ਬੋਲਣ ਦਿੱਤਾ ਜਾਏ | ਇਸ 'ਤੇ ਬਿਰਲਾ ਨੇ ਮੁੜ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਨੇਮ 353 ਤਹਿਤ ਜਿਸ ਵੀ ਵਿਅਕਤੀ 'ਤੇ ਜੋ ਦੋਸ਼ ਲਾਏ ਜਾ ਰਹੇ ਹਨ ਉਸ ਨੂੰ ਪਹਿਲਾਂ ਲਿਖਿਤ 'ਚ ਦੇਣਾ ਹੋਵੇਗਾ | ਰਾਹੁਲ ਗਾਂਧੀ ਨੇ ਇਸ 'ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਤੁਸੀਂ (ਸਪੀਕਰ) ਹੀ ਮੈਨੂੰ ਦੱਸ ਦਿਉ ਕਿ ਮੈਂ ਕੀ ਬੋਲਣਾ ਹੈ | ਸਪੀਕਰ ਨੇ ਕਿਹਾ ਕਿ ਉਹ ਉਨ੍ਹਾਂ ਦੇ ਸਲਾਹਕਾਰ ਨਹੀਂ ਹਨ | ਇਸ 45 ਮਿੰਟ ਦੇ ਹੰਗਾਮੇ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 3 ਵਜੇ ਤੱਕ ਮੁਲਤਵੀ ਕਰ ਦਿੱਤੀ | ਸਭਾ ਮੁੜ ਜੁੜਨ 'ਤੇ ਰਾਹੁਲ ਨੇ ਫਿਰ ਡੋਕਲਾਮ ਦਾ ਜ਼ਿਕਰ ਕੀਤਾ | ਰੱਖਿਆ ਮੰਤਰੀ ਨੇ ਇਸ ਨੂੰ ਰਾਸ਼ਟਰੀ ਸੁਰੱਖਿਆ ਦਾ ਮਸਲਾ ਦੱਸਦਿਆਂ ਇਸ ਮਾਮਲੇ 'ਤੇ ਬੋਲਣ ਤੋਂ ਮਨ੍ਹਾਂ ਕਰਨ ਨੂੰ ਕਿਹਾ | ਤਕਰੀਬਨ 9 ਮਿੰਟ ਬਾਅਦ ਸਦਨ ਦੀ ਕਾਰਵਾਈ 4 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ | ਸਭਾ ਮੁੜ ਜੁੜਨ 'ਤੇ ਹੰਗਾਮਾ ਕਾਇਮ ਰਹਿਣ 'ਤੇ ਸਭਾ ਦੀ ਕਾਰਵਾਈ ਮੰਗਲਵਾਰ ਸਵੇਰ ਤੱਕ ਲਈ ਉਠਾ ਦਿੱਤੀ ਗਈ |
ਰਾਸ਼ਟਰੀ ਸੁਰੱਖਿਆ 'ਤੇ ਚਰਚਾ ਜ਼ਰੂਰੀ-ਰਾਹੁਲ ਗਾਂਧੀ
ਲੋਕ ਸਭਾ ਦੀ ਕਾਰਵਾਈ ਮੁਲਤਵੀ ਹੋਣ 'ਤੇ ਰਾਹੁਲ ਗਾਂਧੀ ਨੇ ਬਾਹਰ ਮੀਡੀਆ ਨੂੰ ਕਿਹਾ ਕਿ ਰਾਸ਼ਟਰੀ ਸੁਰੱਖਿਆ 'ਤੇ ਚਰਚਾ ਜ਼ਰੂਰੀ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਾਰੇ ਨਰਵਾਣੇ ਨੇ ਆਪਣੀ ਕਿਤਾਬ 'ਚ ਸਾਫ਼ ਲਿਖਿਆ ਹੈ ਪਰ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਰਵਾਣੇ ਦੇ ਬਿਆਨ ਤੋਂ ਭੱਜ ਕਿਉਂ ਰਹੇ ਹਨ | ਫ਼ੌਜ ਦਾ ਸੱਚ ਛੁਪਾਉਣਾ ਸਹੀ ਨਹੀਂ ਹੈ |
ਬੁੱਧਵਾਰ ਨੂੰ ਮੋਦੀ ਦੇਣਗੇ ਜਵਾਬ
ਰਾਸ਼ਟਰਪਤੀ ਦੇ ਭਾਸ਼ਣ 'ਤੇ ਚਰਚਾ ਲਈ ਲੋਕ ਸਭਾ 'ਚ 18 ਘੰਟੇ ਅਤੇ ਰਾਜ ਸਭਾ 'ਚ 16 ਘੰਟੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ | ਭਾਜਪਾ ਵਲੋਂ 4 ਤੋਂ 5 ਬੁਲਾਰੇ ਸੰਬੋਧਨ ਕਰਨਗੇ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਸ਼ਾਮ ਨੂੰ ਇਸ 'ਤੇ ਜਵਾਬ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਦਲਾਈ ਲਾਮਾ ਨੇ ਜਿੱਤਿਆ ਪਹਿਲਾ 'ਗ੍ਰੈਮੀ ਐਵਾਰਡ' ਅਗਲੀ ਖ਼ਬਰ ਮਜੀਠੀਆ ਖ਼ਿਲਾਫ਼ ਪੁਖ਼ਤਾ ਸਬੂਤ ਹਨ-ਹਰਪਾਲ ਸਿੰਘ ਚੀਮਾ <br/>
Ad Position 24