ਸੁਰਿੰਦਰ ਕੋਛੜ
ਅੰਮਿ੍ਤਸਰ, 2 ਫਰਵਰੀ-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਵੱਡੇ ਪੱਧਰ 'ਤੇ ਖੂਨ-ਖਰਾਬਾ ਲਗਾਤਾਰ ਜਾਰੀ ਹੈ | ਬਲੋਚ ਲਿਬਰੇਸ਼ਨ ਆਰਮੀ (ਬੀ. ਐਲ. ਏ.) ਨੇ ਪਾਕਿਸਤਾਨੀ ਫੌਜ ਦੇ ਖਿਲਾਫ ਆਪ੍ਰੇਸ਼ਨ ਹੇਰੋਫ ਫੇਜ਼-2 ਦੌਰਾਨ ਹਮਲੇ ਸ਼ੁਰੂ ਕੀਤੇ ਹਨ | ਬੀ. ਐੱਲ. ਏ. ਨੇ ਹਮਲੇ ਵਿਚ ਸ਼ਾਮਿਲ ਦੋ ਮਹਿਲਾ ਆਤਮਘਾਤੀ ਹਮਲਾਵਰਾਂ ਦੇ ਵੀਡੀਓ ਵੀ ਜਾਰੀ ਕੀਤੇ ਹਨ | ਇਹ ਦੋਵੇਂ ਮਹਿਲਾ ਆਤਮਘਾਤੀ ਹਮਲਾਵਰ ਕਈ ਪਾਕਿਸਤਾਨੀ ਫ਼ੌਜੀਆਂ ਦੀ ਮੌਤ ਦਾ ਕਾਰਨ ਬਣੀਆਂ ਹਨ | ਵੀਡੀਓ ਕਲਿੱਪ ਵਿਚ ਵਿਖਾਈ ਦੇਣ ਵਾਲੀ ਇਕ ਮਹਿਲਾ ਆਤਮਘਾਤੀ ਹਮਲਾਵਰ ਦੀ ਪਛਾਣ ਹਵਾ ਬਲੋਚ ਵਜੋਂ ਹੋਈ ਹੈ | ਵੀਡਿਓ 'ਚ ਉਹ ਪਾਕਿਸਤਾਨੀ ਸੁਰੱਖਿਆ ਕਰਮਚਾਰੀਆਂ 'ਤੇ ਗੋਲੀਬਾਰੀ ਕਰਦੀ ਵਿਖਾਈ ਦੇ ਰਹੀ ਹੈ | ਵਿਦਰੋਹੀ ਸਮੂਹ ਨੇ ਵੀਡੀਓ ਦੇ ਨਾਲ ਇਕ ਸੁਨੇਹਾ ਵੀ ਦਿੱਤਾ ਹੈ ਕਿ ਗਵਾਦਰ ਮੋਰਚੇ 'ਤੇ ਆਪ੍ਰੇਸ਼ਨ ਹੇਰੋਫ ਦੇ ਦੂਜੇ ਪੜਾਅ ਦੌਰਾਨ ਆਤਮਘਾਤੀ ਹਮਲਾਵਰ ਹਵਾ ਬਲੋਚ ਨੇ ਆਪਣੇ ਸਾਥੀ ਆਤਮਘਾਤੀ ਹਮਲਾਵਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਿਰਸਵਾਰਥ ਲੜਾਈ ਲੜੀ | ਹਵਾ ਬਲੋਚ ਦਾ ਆਖਰੀ ਸੁਨੇਹਾ ਉਸ ਦੀ ਮੌਤ ਤੋਂ 12 ਘੰਟੇ ਪਹਿਲਾਂ ਰਿਕਾਰਡ ਕੀਤਾ ਗਿਆ | ਵੀਡੀਓ 'ਚ ਹਵਾ ਬਲੋਚ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਬਲੋਚ ਕੌਮ, ਅੱਜ ਤੁਹਾਡੀ ਇਕ ਭੈਣ ਪੰਜਾਬੀ ਫੌਜ ਦਾ ਸਾਹਮਣਾ ਕਰ ਰਹੀ ਹੈ | ਹੁਣ ਤੁਹਾਨੂੰ ਹਿੰਮਤ ਨਾਲ ਅੱਗੇ ਆਉਣਾ ਚਾਹੀਦਾ ਹੈ | ਉਸ ਨੇ ਅੱਗੇ ਕਿਹਾ 'ਪਾਕਿਸਤਾਨ ਡਰ ਕਾਰਨ ਅੱਗੇ ਨਹੀਂ ਆ ਰਿਹਾ | ਅੱਜ ਅਸੀਂ ਦੁਸ਼ਮਣ ਦਾ ਸਾਹਮਣਾ ਕਰ ਰਹੇ ਹਾਂ | ਹਵਾ ਬਲੋਚ ਨੇ ਅੱਗੇ ਕਿਹਾ ਕਿ ਉਸਨੇ ਅਤੇ ਹੋਰ ਵਿਦਰੋਹੀਆਂ ਦੀ ਇਕ ਟੀਮ ਨੇ ਗਵਾਦਰ ਫਰੰਟ ਦੇ ਨੇੜੇ ਸਾਰੇ ਪਾਕਿਸਤਾਨੀ ਸੁਰੱਖਿਆ ਕਰਮਚਾਰੀਆਂ ਨੂੰ ਮਾਰ ਦਿੱਤਾ ਹੈ | ਇਸ ਵੀਡੀਓ ਦੇ ਅੰਤ 'ਚ ਹਵਾ ਬਲੋਚ ਦੀ ਖੂਨ ਨਾਲ ਲੱਥਪੱਥ ਲਾਸ਼ ਇਕ ਹੋਰ ਲੜਾਕੂ ਦੀ ਲਾਸ਼ ਦੇ ਨਾਲ ਮਿੱਟੀ ਵਿਚ ਪਈ ਦਿਖਾਈ ਦੇ ਰਹੀ ਹੈ | ਬਲੋਚ ਆਰਮੀ ਨੇ ਇਕ ਹੋਰ ਆਤਮਘਾਤੀ ਹਮਲਾਵਰ ਆਸਿਫਾ ਮੈਂਗਲ ਦੀ ਪਛਾਣ ਵੀ ਪ੍ਰਗਟ ਕੀਤੀ ਹੈ | ਬਲੋਚ ਆਰਮੀ ਨੇ ਇਕ ਬਿਆਨ 'ਚ ਕਿਹਾ ਕਿ ਆਸਿਫਾ ਮੈਂਗਲ ਨੇ ਦੋ ਦਿਨ ਪਹਿਲਾਂ 31 ਜਨਵਰੀ ਨੂੰ ਨੋਸ਼ਕੀ 'ਚ ਆਈ. ਐੱਸ. ਆਈ. ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਵੀ. ਬੀ. ਆਈ. ਈ. ਡੀ. (ਵਾਹਨ-ਬੋਰਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਆਪ੍ਰੇਸ਼ਨ ਕੀਤਾ | ਇਸ ਨੂੰ ਆਮ ਤੌਰ 'ਤੇ 'ਕਾਰ ਬੰਬ' ਜਾਂ 'ਟਰੱਕ ਬੰਬ' ਵੀ ਕਿਹਾ ਜਾਂਦਾ ਹੈ | ਇਸ ਆਪ੍ਰੇਸ਼ਨ 'ਚ ਆਸਿਫਾ ਅਤੇ ਕਈ ਪਾਕਿਸਤਾਨੀ ਫੌਜੀ ਮਾਰੇ ਗਏ |
ਬਲੋਚਿਸਤਾਨ 'ਚ ਦੋ ਮਹਿਲਾ ਆਤਮਘਾਤੀ ਹਮਲਾਵਰ ਬਣੀਆਂ ਕਈ ਪਾਕਿ ਫ਼ੌਜੀਆਂ ਦੀ ਮੌਤ ਦਾ ਕਾਰਨ <br/>
ਅਜੀਤ ਡੈਸਕ
03-02-2026