ਸੁਪਰੀਮ ਕੋਰਟ ਵਲੋਂ ਚੋਣਾਂ 'ਚ ਮੁਫ਼ਤ ਚੀਜ਼ਾਂ ਵੰਡਣ ਖ਼ਿਲਾਫ਼ ਪਟੀਸ਼ਨ 'ਤੇ ਜਲਦ ਸੁਣਵਾਈ ਤੋਂ ਇਨਕਾਰ
ਅਜੀਤ ਡੈਸਕ
06-02-2026
ਨਵੀਂ ਦਿੱਲੀ, 5 ਫਰਵਰੀ (ਜਗਤਾਰ ਸਿੰਘ)-ਸਿਆਸੀ ਪਾਰਟੀਆਂ ਦੁਆਰਾ ਚੋਣਾਂ ਦੌਰਾਨ ਮੁਫ਼ਤ ਚੀਜ਼ਾਂ (ਫ੍ਰੀਬੀਜ਼) ਵੰਡਣ ਦੇ ਖ਼ਿਲਾਫ਼ ਦਾਇਰ ਜਨਹਿਤ ਪਟੀਸ਼ਨ 'ਤੇ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮਹੱਤਵਪੂਰਨ ਮੁੱਦਾ ਹੈ, ਹਾਲਾਂਕਿ ਕੋਰਟ ਨੇ ਇਸ ਪਟੀਸ਼ਨ ਦੀ ਛੇਤੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ¢ ਭਾਜਪਾ ਨੇਤਾ ਅਤੇ ਵਕੀਲ ਅਸ਼ਵਨੀ ਉਪਾਧਿਆਇ ਨੇ ਆਪਣੀ ਲੰਬਿਤ ਪਟੀਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜ ਰਾਜਾਂ ਵਿਚ ਚੋਣਾਂ ਨੇੜੇ ਆ ਰਹੀਆਂ ਹਨ ਅਤੇ 'ਸੂਰਜ ਅਤੇ ਚੰਦ' ਤੋਂ ਇਲਾਵਾ ਸਭ ਕੁਝ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ, ਜੋ ਕਿ ਭਿ੍ਸ਼ਟ ਆਚਰਣ ਦੀ ਸ਼੍ਰੇਣੀ ਵਿਚ ਆਉਂਦੇ ਹਨ¢ ਇਸ 'ਤੇ ਚੀਫ਼ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਇਹ ਮੁੱਦਾ ਬਹੁਤ ਮਹੱਤਵਪੂਰਨ ਅਤੇ ਜਨਹਿਤ ਦਾ ਹੈ ਅਤੇ ਇਸ ਦੀ ਸੁਣਵਾਈ ਤਿੰਨ ਜੱਜਾਂ ਦੇ ਬੈਂਚ ਦੁਆਰਾ ਕੀਤੀ ਜਾਣੀ ਚਾਹੀਦੀ ਹੈ¢ ਹਾਲਾਂਕਿ, ਅਦਾਲਤ ਨੇ ਕੋਈ ਤਾਰੀਖ਼ ਦੇਣ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਸ਼ੁਰੂ ਵਿਚ ਇਸ ਮਾਮਲੇ ਦਾ ਦੁਬਾਰਾ ਜ਼ਿਕਰ ਹੋਣ 'ਤੇ ਇਸ 'ਤੇ ਵਿਚਾਰ ਕੀਤਾ ਜਾਵੇਗਾ¢