25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਵਿਸ਼ਵ 'ਚ ਪੈਦਾ ਹੋ ਰਹੀਆਂ ਚੁਣੌਤੀਆਂ ਦੇ ਹੱਲ ਲਈ ਆਸ ਦੀ ਕਿਰਨ ਬਣਿਆ ਭਾਰਤ-ਮੋਦੀ

Ad Position 21
No active advertisement
ਅਜੀਤ ਡੈਸਕ 06-02-2026

• ਰਾਜ ਸਭਾ 'ਚ ਕੀਤਾ ਸੰਬੋਧਨ • ਕਾਂਗਰਸ 'ਤੇ ਵਿੰਨ੍ਹੇ ਨਿਸ਼ਾਨੇ
ਨਵੀਂ ਦਿੱਲੀ, 5 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ 'ਚ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅੱਜ ਵਿਸ਼ਵ 'ਚ ਪੈਦਾ ਹੋ ਰਹੀਆਂ ਚੁਣੌਤੀਆਂ ਦੇ ਹੱਲ ਲਈ ਆਸ ਦੀ ਕਿਰਨ ਬਣਿਆ ਹੋਇਆ ਹੈ ਅਤੇ ਸਾਡਾ ਦੇਸ਼ ਵਿਕਾਸ ਦੀਆਂ ਨਵੀਂਆਂ ਉਚਾਈਆਂ ਨੂੰ ਛੂਹਣ ਵੱਲ ਕਦਮ ਵਧਾ ਰਿਹਾ ਹੈ | ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਭਾਸ਼ਨ 'ਚ ਦੇਸ਼ ਦੇ ਮੱਧ ਵਰਗ, ਗਰੀਬ, ਪਿੰਡ, ਕਿਸਾਨ, ਔਰਤਾਂ, ਵਿਗਿਆਨ ਤੇ ਤਕਨਾਲੋਜੀ ਬਾਰੇ ਵਿਸਥਾਰ ਨਾਲ ਦੱਸਿਆ ਹੈ | ਉਨ੍ਹਾਂ ਕਿਹਾ ਕਿ ਯੂਰਪੀਅਨ ਯੂਨੀਅਨ ਤੇ ਅਮਰੀਕਾ ਨਾਲ ਭਾਰਤ ਦੇ ਵਪਾਰ ਸਮਝੌਤਿਆਂ ਤੋਂ ਬਾਅਦ ਸਥਿਰਤਾ ਲਈ ਵਿਸ਼ਵ ਹੋਰ ਜ਼ਿਆਦਾ ਭਰੋਸਾ ਮਹਿਸੂਸ ਕਰ ਰਿਹਾ ਹੈ | ਰਾਸ਼ਟਰਪਤੀ ਦੇ ਭਾਸ਼ਨ ਲਈ ਧੰਨਵਾਦ ਮਤੇ 'ਤੇ ਚਰਚਾ ਦੇ ਜਵਾਬ 'ਚ ਮੋਦੀ ਨੇ ਕਿਹਾ ਕਿ ਭਾਰਤ 'ਵਿਕਸਿਤ ਭਾਰਤ' ਦੇ ਟੀਚੇ ਦੀ ਪ੍ਰਾਪਤੀ ਲਈ ਸਿਰਫ਼ ਅੱਗੇ ਵੱਲ ਕਦਮ ਵਧਾਏਗਾ, ਨਾ ਪਿੱਛੇ ਮੁੜ ਕੇ ਵੇਖੇਗਾ ਤੇ ਨਾ ਹੀ ਰੁਕੇਗਾ | ਉਨ੍ਹਾਂ ਕਿਹਾ ਕਿ ਭਵਿੱਖ 'ਚ ਭਾਰਤ ਕਈ ਦੇਸ਼ਾਂ ਨਾਲ ਵਪਾਰ ਸਮਝੌਤਿਆਂ ਲਈ ਤਿਆਰੀ ਕਰ ਰਿਹਾ ਹੈ | ਪਿਛਲੇ ਕੁਝ ਦਿਨਾਂ 'ਚ ਯੂਰਪੀਅਨ ਯੂਨੀਅਨ ਦੇ 27 ਦੇਸ਼ਾਂ ਦੇ ਸਮੂਹ ਨਾਲ 'ਸਾਰੇ ਸਮਝੌਤਿਆਂ ਦੀ ਮਾਂ' ਸਮੇਤ 9 ਵੱਡੇ ਦੇਸ਼ਾਂ ਨਾਲ ਵਪਾਰ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਇਕ ਦਿਨ ਦੇਸ਼ ਦੇ ਨਾਲ ਬੀਤੇ ਸਮੇਂ 'ਚ ਕੀਤੇ ਗਏ ਕੰਮਾਂ ਦਾ ਜਵਾਬ ਦੇਣਾ ਹੋਵੇਗਾ ਅਤੇ ਕਿਹਾ ਕਿ ਉਨ੍ਹਾਂ ਦੀ ਬਹੁਤ ਸਾਰੀ ਊਰਜਾ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਦੀਆਂ ਗਲਤੀਆਂ ਨੂੰ ਸੁਧਾਰਨ 'ਚ ਖਰਚ ਹੋਈ ਹੈ | ਮੋਦੀ ਨੇ ਕਿਹਾ ਕਿ ਜਦੋਂ ਯੂਰਪੀਅਨ ਯੂਨੀਅਨ ਨਾਲ ਵਪਾਰ ਸਮਝੌਤਾ ਹੋਇਆ, ਤਾਂ ਦੁਨੀਆ ਨੂੰ ਸਥਿਰਤਾ 'ਤੇ ਜ਼ਿਆਦਾ ਭਰੋਸਾ ਹੋਇਆ | ਅਮਰੀਕਾ ਨਾਲ ਵਪਾਰ ਸਮਝੌਤੇ ਤੋਂ ਬਾਅਦ ਦੁਨੀਆ ਨੂੰ ਹੋਰ ਵੀ ਜ਼ਿਆਦਾ ਭਰੋਸਾ ਹੈ | ਇਹ ਦੁਨੀਆ ਲਈ ਇਕ ਚੰਗਾ ਸੰਕੇਤ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਇਜਲਾਸ 'ਚ ਆਪਣੇ ਸੰਬੋਧਨ 'ਚ ਭਾਰਤ ਦੇ ਉੱਜਵਲ ਭਵਿੱਖ 'ਤੇ ਭਰੋਸਾ ਜਤਾਇਆ ਹੈ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੀ ਨਾਅਰੇਬਾਜ਼ੀ ਵਿਚਾਲੇ ਆਪਣਾ ਭਾਸ਼ਨ ਸ਼ੁਰੂ ਕੀਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀ ਆਪਣੀਆਂ ਲਗਾਤਾਰ ਚੋਣਾਂ ਦੀਆਂ ਹਾਰਾਂ ਨੂੰ ਹਜ਼ਮ ਕਰਨ 'ਚ ਅਸਮਰੱਥ ਹੈ ਅਤੇ ਉਨ੍ਹਾਂ ਪ੍ਰਤੀ ਡੂੰਘੀ ਨਫ਼ਰਤ ਦੇ ਬਾਵਜੂਦ ਉਨ੍ਹਾਂ ਦੀ ਕਬਰ ਕਦੇ ਨਹੀਂ ਪੁੱਟ ਸਕੇਗੀ | ਉਨ੍ਹਾਂ ਨੇ ਲੋਕ ਸਭਾ 'ਚ ਵਿਰੋਧੀ ਪਾਰਟੀ ਦੁਆਰਾ ਕੀਤੇ ਗਏ ਅੜਿੱਕੇ 'ਤੇ ਅਫਸੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਸਿਰਫ਼ ਇਕ ਆਦਿਵਾਸੀ ਔਰਤ ਰਾਸ਼ਟਰਪਤੀ ਦਾ ਹੀ ਅਪਮਾਨ ਨਹੀਂ ਹੈ, ਸਗੋਂ ਉਨ੍ਹਾਂ ਦੁਆਰਾ ਬਿਰਾਜਮਾਨ ਸਿਖਰਲੇ ਸੰਵਿਧਾਨਕ ਅਹੁਦੇ ਅਤੇ ਭਾਰਤ ਦੇ ਸੰਵਿਧਾਨ ਦਾ ਵੀ ਅਪਮਾਨ ਹੈ | ਉਨ੍ਹਾਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ 'ਤੇ ਰਾਹੁਲ ਗਾਂਧੀ ਦੀ 'ਗੱਦਾਰ ਦੋਸਤ' ਟਿੱਪਣੀ ਦੀ ਵੀ ਨਿੰਦਾ ਕੀਤੀ ਅਤੇ ਇਸ ਨੂੰ ਸਮੁੱਚੇ ਸਿੱਖ ਭਾਈਚਾਰੇ ਦਾ ਅਪਮਾਨ ਦੱਸਿਆ | ਮੋਦੀ ਨੇ ਕਿਹਾ ਕਿ ਇਕ ਤੇਜ਼ ਦਿਮਾਗ ਵਾਲੇ ਵਿਅਕਤੀ ਨੇ ਇਸ ਸਦਨ ਦੇ ਇਕ ਮੈਂਬਰ ਨੂੰ ਗੱਦਾਰ ਕਿਹਾ | ਇਹ ਹੰਕਾਰ ਦਾ ਸਿਖ਼ਰ ਹੈ, ਕਾਂਗਰਸ ਤੋਂ ਇੰਨੇ ਧੜੇ ਵੱਖ ਹੋ ਗਏ, ਇੰਨੇ ਸਾਰੇ ਲੋਕ ਚਲੇ ਗਏ, ਉਨ੍ਹਾਂ ਨੇ ਸੰਸਦ ਮੈਂਬਰ ਨੂੰ ਗੱਦਾਰ ਕਿਹਾ ਕਿਉਂਕਿ ਉਹ ਸਿੱਖ ਹੈ, ਇਹ ਸਿੱਖਾਂ ਪ੍ਰਤੀ ਕਾਂਗਰਸ ਦੀ ਨਫ਼ਰਤ ਨੂੰ ਵਿਖਾਉਂਦਾ ਹੈ | ਮੋਦੀ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀ.ਐਮ.ਸੀ. ਪਾਰਟੀ 'ਤੇ ਪੱਛਮੀ ਬੰਗਾਲ 'ਚ 'ਘੁਸਪੈਠੀਆਂ' ਨੂੰ ਬਚਾਉਣ ਦਾ ਦੋਸ਼ ਲਗਾਇਆ, ਜੋ ਆਦਿਵਾਸੀਆਂ ਦੀਆਂ ਨੌਕਰੀਆਂ, ਨੌਜਵਾਨਾਂ ਦੇ ਅਧਿਕਾਰ ਅਤੇ ਜ਼ਮੀਨ ਖੋਹ ਰਹੇ ਸਨ | ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਲੋਕ 'ਮੁਹੱਬਤ ਕੀ ਦੁਕਾਨ' ਦੀ ਗੱਲ ਕਰਦੇ ਹਨ, ਉਹ 'ਮੋਦੀ ਤੇਰੀ ਕਬਰ ਖੁਦੇਗੀ' ਵਰਗੇ ਨਾਅਰੇ ਲਗਾ ਰਹੇ ਹਨ, ਜੋ ਚੋਣ ਹਾਰਾਂ ਕਰਕੇ ਉਨ੍ਹਾਂ ਦੀ ਨਿਰਾਸ਼ਾ ਨੂੰ ਉਜਾਗਰ ਕਰਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉਹ ਉਨ੍ਹਾਂ ਨੂੰ ਰੋਜ਼ਾਨਾ ਮਾੜੀ ਸ਼ਬਦਾਵਲੀ ਬੋਲਦੇ ਹਨ ਕਿਉਂਕਿ ਉਹ ਇਹ ਹਜ਼ਮ ਨਹੀਂ ਕਰ ਪਾ ਰਹੇ ਕਿ ਉਨ੍ਹਾਂ ਵਰਗਾ ਗਰੀਬ ਆਦਮੀ ਇਸ ਅਹੁਦੇ 'ਤੇ ਕਿਵੇਂ ਬੈਠਾ ਹੈ ਅਤੇ ਕਿਵੇਂ ਬਚ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪਹਿਲੇ ਪਰਿਵਾਰ ਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਉਨ੍ਹਾਂ ਦੀ ਪਰਿਵਾਰਕ ਜਾਗੀਰ ਹੈ | ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਕਦੇ ਵੀ ਉਨ੍ਹਾਂ ਦੀ ਕਬਰ ਪੁੱਟਣ ਵਿਚ ਸਫਲ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਕਰੋੜਾਂ ਮਾਵਾਂ, ਭੈਣਾਂ ਅਤੇ ਦੇਸ਼ ਦੇ ਗਰੀਬਾਂ ਦਾ ਅਸ਼ੀਰਵਾਦ ਪ੍ਰਾਪਤ ਹੈ, ਜਿਨ੍ਹਾਂ ਲਈ ਉਹ ਨਿਰਸਵਾਰਥ ਕੰਮ ਕਰ ਰਹੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਭਾਰਤੀ ਨਾਗਰਿਕਾਂ ਨੂੰ 'ਸਮੱਸਿਆਵਾਂ' ਵਜੋਂ ਮੰਨਿਆ ਜਦੋਂ ਕਿ ਅਸੀਂ ਉਨ੍ਹਾਂ ਨੂੰ ਆਪਣੀ ਤਾਕਤ ਅਤੇ ਚੁਣੌਤੀਆਂ ਦੇ ਹੱਲ ਵਜੋਂ ਮੰਨਦੇ ਹਾਂ | ਪ੍ਰਧਾਨ ਮੰਤਰੀ ਨੇ ਪਿਛਲੇ 11 ਸਾਲਾਂ ਵਿਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਉਚ ਵਿਕਾਸ ਅਤੇ ਘੱਟ ਮਹਿੰਗਾਈ ਦੇਸ਼ ਦੀ ਆਰਥਿਕਤਾ ਵਿਚ ਤਾਕਤ ਨੂੰ ਦਰਸਾਉਂਦੀ ਹੈ, ਜੋ ਦੁਨੀਆ ਵਿਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਉਭਰਨ ਲਈ ਤਿਆਰ ਹੈ | ਆਪਣੇ ਲਗਭਗ 100 ਮਿੰਟ ਦੇ ਭਾਸ਼ਨ 'ਚ ਮੋਦੀ ਨੇ ਆਪਣੀ ਸਰਕਾਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੇ ਟਰੈਕ ਰਿਕਾਰਡ ਅਤੇ 'ਵਿਕਸਤ ਭਾਰਤ' ਬਾਰੇ 'ਚ ਵਿਰੋਧੀ ਪਾਰਟੀਆਂ ਦੀ ਆਲੋਚਨਾ ਦਾ ਜਵਾਬ ਦਿੱਤਾ | ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਹੁਣ ਗਲੋਬਲ ਦੱਖਣ ਦੀ ਇੱਕ ਮਜ਼ਬੂਤ ਆਵਾਜ਼ ਬਣ ਗਿਆ ਹੈ | ਮੋਦੀ ਨੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ 'ਤੇ ਵੀ ਤੰਜ ਕੱਸਿਆ ਤੇ ਸੁਝਾਅ ਦਿੱਤਾ ਕਿ ਉਹ ਬੈਠੇ ਬੈਠੇ ਨਾਅਰੇ ਲਗਾਉਂਦੇ ਰਹਿ ਸਕਦੇ ਹਨ | ਬਾਅਦ 'ਚ ਵਿਰੋਧੀ ਧਿਰ ਨੇ ਵਾਕਆਊਟ ਕਰ ਦਿੱਤਾ |
ਝੂਠ ਦਾ ਲਿਆ ਸਹਾਰਾ-ਰਾਹੁਲ ਨੇ ਮੋਦੀ ਦੇ ਭਾਸ਼ਨ 'ਤੇ ਨਿਸ਼ਾਨਾ ਕੱਸਿਆ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ 'ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਉਹ ਸੱਚ ਤੋਂ ਏਨੇ ਡਰੇ ਹੋਏ ਸਨ ਕਿ ਉਨ੍ਹਾਂ ਝੂਠ ਦਾ ਸਹਾਰਾ ਲਿਆ | ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਜਾਣਨਾ ਚਾਹਿਆ ਕਿ ਪ੍ਰਧਾਨ ਮੰਤਰੀ ਕੁਝ ਹੀ ਸਵਾਲਾਂ 'ਚ ਇੰਨੇ ਘਬਰਾ ਕਿਉਂ ਗਏ | ਉਨ੍ਹਾਂ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਮੋਦੀ ਜੀ ਸੱਚ ਤੋਂ ਏਨੇ ਡਰੇ ਹੋਏ ਸਨ ਕਿ ਉਨ੍ਹਾਂ ਝੂਠ ਦਾ ਸਹਾਰਾ ਲਿਆ | ਹਾਲਾਂਕਿ ਉਨ੍ਹਾਂ ਉਹੋ ਕੀਤਾ ਜੋ ਉਨ੍ਹਾਂ ਨੂੰ ਸਹੀ ਲੱਗਾ | ਕਾਂਗਰਸ ਨੇਤਾ ਨੇ ਬੁੱਧਵਾਰ ਨੂੰ ਸਾਬਕਾ ਸੈਨਾ ਮੁਖੀ ਐਮ.ਐਮ. ਨਰਵਾਣੇ ਦੇ 'ਅਣ-ਪ੍ਰਕਾਸ਼ਿਤ' ਯਾਦ ਪੱਤਰ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2020 'ਚ ਭਾਰਤ-ਚੀਨ ਸੰਘਰਸ਼ ਦੌਰਾਨ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਤੇ ਸਾਰਾ ਦੋਸ਼ ਜਨਰਲ 'ਤੇ ਸੁੱਟ ਦਿੱਤਾ | ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਹ ਲੋਕ ਸਭਾ 'ਚ ਇਸ 'ਯਾਦ ਪੱਤਰ' ਤੋਂ ਹਵਾਲਾ ਨਹੀਂ ਦੇ ਸਕਦੇ | ਉਨ੍ਹਾਂ ਕਿਹਾ ਕਿ ਮੁੱਖ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਕੀ ਕਿਹਾ-ਜੋ ਉਚਿਤ ਸਮਝੋ ਉਹ ਕਰੋ | ਰਾਹੁਲ ਦੀ ਇਹ ਟਿੱਪਣੀ ਮੋਦੀ ਦੇ ਉਸ ਦੋਸ਼ ਤੋਂ ਬਾਅਦ ਆਈ ਹੈ, ਜਿਸ 'ਚ ਉਨ੍ਹਾਂ ਕਾਂਗਰਸ 'ਤੇ ਲੋਕ ਸਭਾ 'ਚ ਅੜਿੱਕਾ ਪਾ ਕੇ ਰਾਸ਼ਟਰਪਤੀ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ |

Ad Position 22
No active advertisement
ਪਿਛਲੀ ਖ਼ਬਰ 'ਆਪ' ਵਲੋਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੂੜ ਪ੍ਰਚਾਰ ਝੂਠਾ ਸਾਬਤ ਹੋਇਆ-ਰਾਣਾ ਲੋਪੋਕੇ ਰਾਜਾਸਾਂਸੀ ਹਲਕੇ 'ਚ ਮਜੀਠੀਆ... ਅਗਲੀ ਖ਼ਬਰ ਰਾਹੁਲ ਨੂੰ ਲੋਕ ਸਭਾ 'ਚ ਬੋਲਣ ਦੀ ਇਜਾਜ਼ਤ ਨਾ ਮਿਲਣ 'ਤੇ ਕਾਂਗਰਸ ਵਲੋਂ ਵਿਰੋਧ
Ad Position 24