ਨਵੀਂ ਦਿੱਲੀ, 23 ਫਰਵਰੀ (ਉਪਮਾ ਡਾਗਾ ਪਾਰਥ)-ਈਰਾਨ 'ਚ ਵਧਦੇ ਤਣਾਅ ਅਤੇ ਸੰਭਾਵਿਤ ਅਮਰੀਕੀ ਹਮਲਿਆਂ ਦੇ ਖਦਸ਼ੇ ਦਰਮਿਆਨ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਈਰਾਨ ਛੱਡਣ ਦੀ ਸਲਾਹ ਦਿੱਤੀ ਹੈ | ਤਹਿਰਾਨ ਸਥਿਤ ਭਾਰਤੀ ਦੂਤਘਰ ਨੇ 23 ਫਰਵਰੀ ਨੂੰ ਜਾਰੀ ਐਡਵਾਇਜ਼ਰੀ 'ਚ ਕਿਹਾ ਕਿ ਈਰਾਨ 'ਚ ਮੌਜੂਦ ਸਾਰੇ ਭਾਰਤੀ ਉਪਲਬਧ ਕਿਸੇ ਵੀ ਆਵਾਜਾਈ ਦੇ ਸਾਧਨ ਨਾਲ ਦੇਸ਼ ਛੱਡ ਦੇਣ, ਜਿਸ 'ਚ ਕਮਰਸ਼ੀਅਲ ਫਲਾਈਟਾਂ ਵੀ ਸ਼ਾਮਿਲ ਹਨ | ਇਹ ਸਲਾਹ ਵਿਦਿਆਰਥੀਆਂ, ਤੀਰਥ ਯਾਤਰੀਆਂ, ਕਾਰੋਬਾਰੀਆਂ ਅਤੇ ਸੈਰ ਸਪਾਟਾ ਕਰਨ ਵਾਲੇ ਸਾਰੇ ਲੋਕਾਂ 'ਤੇ ਲਾਗੂ ਹੈ | ਦੂਤਘਰ ਨੇ 14 ਜਨਵਰੀ, 2026 ਨੂੰ ਜਾਰੀ ਐਡਵਾਇਜ਼ਰੀ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਸਾਰੇ ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਨਾਗਰਿਕ ਵਾਧੂ ਸਾਵਧਾਨੀ ਵਰਤਣ | ਦੂਤਘਰ ਨੇ ਉਨ੍ਹਾਂ ਨੂੰ ਪ੍ਰਦਰਸ਼ਨ ਜਾਂ ਵਿਰੋਧ ਵਾਲੇ ਇਲਾਕਿਆਂ ਤੋਂ ਦੂਰ ਰਹਿਣ, ਸਥਾਨਕ ਮੀਡੀਆ 'ਤੇ ਨਜ਼ਰ ਰੱਖਣ ਅਤੇ ਦੂਤਘਰ ਦੇ ਸੰਪਰਕ 'ਚ ਰਹਿਣ ਦੀ ਤਾਕੀਦ ਕੀਤੀ | ਦੂਤਘਰ ਨੇ ਨਾਗਰਿਕਾਂ ਨੂੰ ਆਪਣੇ ਪਾਸਪੋਰਟ, ਵੀਜ਼ਾ ਤੇ ਹੋਰ ਜ਼ਰੂਰੀ ਦਸਤਾਵੇਜ਼ ਹਮੇਸ਼ਾ ਆਪਣੇ ਕੋਲ ਰੱਖਣ ਨੂੰ ਕਿਹਾ, ਤਾਂ ਜੋ ਹੰਗਾਮੀ ਹਾਲਾਤ 'ਚ ਫੌਰਨ ਯਾਤਰਾ ਕੀਤੀ ਜਾ ਸਕੇ | ਦੂਤਘਰ ਨੇ ਸਾਰੇ ਭਾਰਤੀਆਂ ਨੂੰ ਦੂਤਘਰ ਦੇ ਨਾਲ ਆਪਣਾ ਰਜਿਸਟ੍ਰੇਸ਼ਨ ਕਰਵਾਉਣ ਨੂੰ ਕਿਹਾ ਅਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ |