ਲੋਹੀਆਂ ਖਾਸ, 23 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਲੋਹੀਆਂ ਸ਼ਹਿਰ ਵਿਚਲੇ ਸਾਡੇ ਜੱਦੀ ਘਰ 'ਚ ਵੰਡ ਵੰਡਾਈ ਦੇ ਚਲਦੇ ਮਾਮਲੇ ਦੌਰਾਨ ਹੀ ਅਦਾਲਤ ਵੱਲੋਂ 21 ਜਨਵਰੀ 2026 ਨੂੰ ਜਾਰੀ ਕੀਤੇ ਸਟੇਅ ਆਰਡਰਾਂ ਦੇ ਬਾਵਜੂਦ ਪੁਲਿਸ ਦੀ ਮਿਲੀਭੁਗਤ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ, ਇਨ੍ਹਾਂ ਗੰਭੀਰ ਦੋਸ਼ਾਂ ਬਾਰੇ ਕੀਤੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ 64 ਸਾਲਾ ਮਾਤਾ ਪਰਮਜੀਤ ਕੌਰ ਪਤਨੀ ਸਵ: ਬਲਵਿੰਦਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ 4 ਭਰਾ ਤੇ 3 ਭੈਣਾਂ ਦਾ ਪਰਿਵਾਰ ਸੀ, ਜਿਨ੍ਹਾਂ 'ਚੋਂ ਇੱਕ ਭਰਾ ਸਰਵਣ ਸਿੰਘ ਕੁਆਰਾ ਸੀ ਤੇ ਉਸ ਦੀ ਵੀ 2019 ਨੂੰ ਮੌਤ ਹੋ ਚੁੱਕੀ ਹੈ | ਲੋਹੀਆਂ ਸ਼ਹਿਰ ਵਿਚਲੇ ਸਾਡੇ ਜੱਦੀ ਘਰ ਦੀ ਸਾਰੀ ਵੰਡ ਤੋਂ ਪਹਿਲਾਂ ਹੀ ਅਸੀਂ ਆਪਣੀ ਜ਼ਮੀਨ ਨੇੜੇ ਗੁਰੂ ਨਾਨਕ ਕਲੋਨੀ ਵਿਖੇ ਘਰ ਬਣਾ ਕੇ ਰਹਿਣ ਲੱਗ ਪਏ ਤੇ ਇਸੇ ਦੌਰਾਨ ਮੇਰੇ ਜੇਠ ਸਰਵਣ ਸਿੰਘ ਪੁੱਤਰ ਭਾਗ ਸਿੰਘ ਦੀ ਮੌਤ ਹੋ ਗਈ ਪਰ ਉਸ ਦੇ ਹਿੱਸੇ ਵਾਲੇ ਸਾਰੇ ਥਾਂ 'ਤੇ ਮੇਰੇ ਦੂਜੇ ਜੇਠ ਸਵ: ਅਜੀਤ ਸਿੰਘ ਦੇ ਪਰਿਵਾਰ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਪਹਿਲਾਂ ਘਰ ਵਿਚਲੇ ਸਰਵਣ ਸਿੰਘ ਦੇ ਮਕਾਨ ਨੂੰ ਢਾਹ ਦਿੱਤਾ ਤੇ ਨਕਸ਼ਾ ਵਿਗਾੜ ਦਿੱਤਾ | ਉਨ੍ਹਾਂ ਵੱਲੋਂ ਹੌਲੀ ਹੌਲੀ ਘਰ ਦੇ ਸਾਂਝੇ ਗੇਟ ਨੂੰ ਵੀ ਢਾਹ ਦਿੱਤਾ ਗਿਆ ਤੇ ਸਾਰੇ ਘਰਾਂ ਲਈ ਛੱਡੀ ਸਾਂਝੀ ਗਲੀ ਨੂੰ ਵੀ ਆਪਣੇ ਥਾਂ 'ਚ ਮਿਲਾ ਲਿਆ | ਜਦੋਂ ਸਾਨੂੰ ਇਸ ਬਾਰੇ ਸਾਨੂੰ ਪਤਾ ਲੱਗਾ ਤਾਂ ਅਸੀਂ ਮੋਹਤਵਰ ਵਿਅਕਤੀਆਂ ਰਾਹੀਂ ਸਰਵਣ ਸਿੰਘ ਦੇ ਮਕਾਨ ਤੇ ਗਲੀ ਵਾਲਾ ਆਪਣਾ ਬਣਦਾ ਹਿੱਸਾ ਮੰਗਿਆ ਤਾਂ ਉਨ੍ਹਾਂ ਨੇ ਕੋਰੀ ਨਾਂਹ ਕਰ ਦਿੱਤੀ | ਪਰਮਜੀਤ ਕੌਰ, ਉਸ ਦੇ ਦੋਵੇਂ ਪੁੱਤਰਾਂ ਕੁਲਵੰਤ ਸਿੰਘ ਤੇ ਸੁਖਚੈਨ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਅਸੀਂ ਅਦਾਲਤ ਨਕੋਦਰ ਵਿਖੇ ਅਪੀਲ ਕੀਤੀ ਤਾਂ ਸਾਨੂੰ ਅਦਾਲਤ ਵੱਲੋਂ 21 ਜਨਵਰੀ 2026 ਨੂੰ ਸਟੇਅ ਦੇ ਆਰਡਰ ਜਾਰੀ ਕਰ ਦਿੱਤੇ, ਉਸ ਵੇਲੇ ਤੱਕ ਪਲਾਟ ਦੀ ਸਥਿਤੀ ਪਹਿਲਾਂ ਵਾਲੀ ਸੀ ਤੇ ਇਸ ਦੀ ਜਾਣਕਾਰੀ ਅਸੀਂ ਲੋਹੀਆਂ ਪੁਲਿਸ ਥਾਣੇ ਨੂੰ ਵੀ ਲਿਖਤੀ ਤੇ ਐੱਸ.ਐੱਸ.ਪੀ. ਦੇ ਦਫ਼ਤਰ ਨੂੰ ਆਨਲਾਈਨ ਸ਼ਿਕਾਇਤ ਦੇ ਦਿੱਤੀ ਸੀ ਪਰ ਜਦੋਂ ਹੀ ਸਾਡੇ ਵਿਰੋਧੀਆਂ ਨੂੰ ਸਟੇਅ ਆਰਡਰਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨਾਲ ਮਿਲੀਭੁਗਤ ਕਰਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਪਲਾਟ 'ਚ ਇੱਕ ਦੁਕਾਨ, ਨਵੇਂ ਗੇਟ ਸਮੇਤ ਹੋਰ ਉਸਾਰੀ ਕਰ ਲਈ | ਅਦਾਲਤ ਦੇ ਸਟੇਅ ਆਰਡਰ, ਪਹਿਲਾਂ ਤੇ ਬਾਅਦ ਵਾਲੀਆਂ ਤਸਵੀਰਾਂ ਆਦਿ ਦਿਖਾਂਉਂਦਿਆਂ ਉਨ੍ਹਾਂ ਕਿਹਾ ਕਿ 21 ਜਨਵਰੀ ਤੋਂ ਲੈ ਕੇ ਹੁਣ ਤੱਕ ਪੁਲਿਸ ਥਾਣਾ ਲੋਹੀਆਂ ਵਿਖੇ ਆਏ ਦੋਹਾਂ ਥਾਣਾ ਮੁਖੀਆਂ ਨੇ ਢਿੱਲ ਮੱਠ ਵਰਤਦਿਆਂ ਅਦਾਲਤ ਦੇ ਹੁਕਮਾਂ ਨੂੰ ਲਾਗੂ ਨਹੀਂ ਕਰਵਾਇਆ | ਉਨ੍ਹਾਂ ਉੱਚ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਨਿਆਂ ਦੁਆਇਆ ਜਾਵੇ ਤੇ ਕਥਿਤ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਇਸ ਮਾਮਲੇ ਸੰਬੰਧੀ ਜਦੋਂ ਥਾਣਾ ਲੋਹੀਆਂ ਦੇ ਮੁਖੀ ਇੰਸਪੈਕਟਰ ਕ੍ਰਿਸ਼ਨ ਗੋਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਉਨ੍ਹਾਂ ਨੇ ਚਾਰਜ ਸੰਭਾਲਿਆ ਹੈ, ਉਸ ਦਿਨ ਤੋਂ ਬਾਅਦ ਉਕਤ ਜਗ੍ਹਾ 'ਤੇ ਕੋਈ ਵੀ ਉਸਾਰੀ ਨਹੀਂ ਹੋਈ | ਇਸ ਸੰਬੰਧੀ ਦੂਜੀ ਧਿਰ ਦੀ ਪੈਰਵਾਈ ਕਰ ਰਹੀ ਬੀਬੀ ਜਸਵਿੰਦਰ ਕੌਰ ਪਤਨੀ ਗੁਰਦਰਸ਼ਨ ਸਿੰਘ ਪੁੱਤਰ ਅਜੀਤ ਸਿੰਘ ਨੇ ਫ਼ੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਗ੍ਹਾ ਲਾਲ ਲਕੀਰ ਦੇ ਅੰਦਰ ਹੈ ਤੇ ਸਾਡੀ ਆਪਣੀ ਹੈ | ਅਸੀਂ ਅਦਾਲਤ ਦੇ ਹੁਕਮਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਸਾਨੂੰ ਤਾਂ ਸਟੇਅ ਆਰਡਰ ਦੀ ਕਾਪੀ 3 ਜਾਂ 4 ਫ਼ਰਵਰੀ ਨੂੰ ਮਿਲੀ ਸੀ ਤੇ ਅਸੀਂ ਉਸ ਵੇਲੇ ਕੰਮ ਬੰਦ ਕਰਦੇ ਦੁਕਾਨ ਦੀ ਛੱਤ ਪਾਉਣ ਤੋਂ ਰੋਕ ਦਿੱਤੀ ਹੈ |