07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੁਰਦਾਸਪੁਰ 'ਚ ਪੁਲਿਸ ਕਰਮੀਆਂ ਦੀ ਹੱਤਿਆ ਦੀ ਜਾਂਚ 'ਚ ਜੁਟੀਆਂ ਫੋਰੈਂਸਿਕ ਟੀਮਾਂ <br/>

Ad Position 21
No active advertisement
ਅਜੀਤ ਡੈਸਕ 24-02-2026

ਗੁਰਦਾਸਪੁਰ, 23 ਫਰਵਰੀ (ਚੱਕਰਾਜਾ)-ਭਾਰਤ-ਪਾਕਿ ਸਰਹੱਦ ਦੇ ਨਾਲ ਪੈਂਦੇ ਪਿੰਡ ਆਦੀਆਂ ਵਿਖੇ ਪੰਜਾਬ ਪੁਲਿਸ ਦੀ ਚੈਕ ਪੋਸਟ ਅਤੇ ਸੈਕਿੰਡ ਡਿਫੈਂਸ ਲਾਈਨ 'ਤੇ ਤਾਇਨਾਤ ਏ.ਐਸ.ਆਈ. ਗੁਰਨਾਮ ਸਿੰਘ ਅਤੇ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਦੀ 21 ਫਰਵਰੀ ਦੀ ਰਾਤ ਨੰੂ ਭੇਦਭਰੀ ਹਾਲਤ ਵਿਚ ਕਿਸੇ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਸੰਬੰਧੀ ਅੱਜ ਪੁਲਿਸ ਦੀਆਂ ਫੋਰੈਂਸਿਕ ਟੀਮਾਂ ਵਲੋਂ ਘਟਨਾ ਸਥਾਨ ਦੀ ਜਾਂਚ ਕੀਤੀ ਗਈ | ਇਥੋਂ ਤੱਕ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਸੀ.ਸੀ.ਟੀ.ਵੀ. ਫੁਟੇਜ, ਜਿਸ ਵਿਚ 2 ਮੋਟਰਸਾਈਕਲਾਂ 'ਤੇ ਸਵਾਰ 5 ਸ਼ੱਕੀ ਵਿਅਕਤੀ ਦਿਖਾਈ ਦੇ ਰਹੇ ਹਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਡੀ.ਆਈ.ਜੀ. ਬਾਰਡਰ ਰੇਂਜ ਨੇ ਇਸ ਘਟਨਾ ਦੇ ਕਿਸੇ ਅੱਤਵਾਦੀ ਹਮਲੇ ਨਾਲ ਜੁੜੇ ਹੋਣ ਦੇ ਦਾਅਵੇ ਨੰੂ ਨਕਾਰਦਿਆਂ ਕਿਹਾ ਗਿਆ ਕਿ ਅਜਿਹੀਆਂ ਜ਼ਿੰਮੇਵਾਰੀਆਂ ਦੀਆਂ ਪੋਸਟਾਂ ਲੋਕਾਂ ਵਿਚ ਡਰ ਫੈਲਾਉਣ ਲਈ ਪਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਲੋਕਾਂ ਨੰੂ ਅਫ਼ਵਾਹਾਂ ਤੋਂ ਬਚਣ ਅਤੇ ਬਿਨਾਂ ਕਿਸੇ ਡਰ ਸੁਚੇਤ ਰਹਿਣ ਲਈ ਕਿਹਾ | ਦੂਜੇ ਪਾਸੇ ਅੱਜ ਘਟਨਾ ਸਥਾਨ 'ਤੇ ਪਹੁੰਚੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਹਲਕਾ ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਅਤੇ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਇਸ ਘਟਨਾ ਨੰੂ ਲੈ ਕੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ | ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਕੋਲ ਪਹਿਲਾਂ ਹੀ ਇਹ ਸੂਚਨਾ ਸੀ ਕਿ ਕੋਈ ਵੱਡੀ ਘਟਨਾ ਵਾਪਰਨ ਵਾਲੀ ਹੈ, ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਕੋਈ ਮੁਸਤੈਦੀ ਨਹੀਂ ਵਰਤੀ ਗਈ | ਉਨ੍ਹਾਂ ਕਿਹਾ ਕਿ ਕਾਨੰੂਨ ਵਿਵਸਥਾ ਨੰੂ ਬਹਾਲ ਰੱਖਣ 'ਚ ਜ਼ਿਲ੍ਹਾ ਪੁਲਿਸ ਵਲੋਂ ਵਰਤੀ ਗਈ ਅਣਗਹਿਲੀ ਲਈ ਐਸ. ਐਸ. ਪੀ. ਗੁਰਦਾਸਪੁਰ ਅਤੇ ਐਸ. ਐਚ. ਓ. ਦੋਰਾਂਗਲਾ ਨੰੂ ਤੁਰੰਤ ਮੁਅੱਤਲ ਕਰਨਾ ਚਾਹੀਦਾ ਹੈ | ਉਨ੍ਹਾਂ ਵਲੋਂ ਇਸ ਪੂਰੇ ਮਾਮਲੇ ਸੰਬੰਧੀ ਕੇਂਦਰੀ ਗ੍ਰਹਿ ਮੰਤਰੀ ਨੰੂ ਵੀ ਚਿੱਠੀ ਲਿਖੀ ਗਈ ਹੈ, ਜਿਸ ਵਿਚ ਉਨ੍ਹਾਂ ਨੇ ਬੀ. ਐਸ. ਐਫ. ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ | ਉਨ੍ਹਾਂ ਨੇ ਗ੍ਰਹਿ ਮੰਤਰੀ ਨੰੂ ਲਿਖਿਆ ਹੈ ਕਿ ਇਸ ਚੈਕ ਪੋਸਟ 'ਤੇ ਪੰਜਾਬ ਪੁਲਿਸ ਅਤੇ ਬੀ. ਐਸ. ਐਫ. ਦਾ ਸਾਂਝਾ ਨਾਕਾ ਹੋਣ ਦੇ ਬਾਵਜੂਦ ਉਸ ਰਾਤ ਬੀ. ਐਸ. ਐਫ. ਦਾ ਕੋਈ ਵੀ ਜਵਾਨ ਚੈਕ ਪੋਸਟ 'ਤੇ ਮੌਜੂਦ ਨਹੀਂ ਸੀ | ਇਸ ਲਈ ਪੁਲਿਸ ਦੇ ਨਾਲ ਨਾਲ ਸਰਹੱਦ 'ਤੇ ਤਾਇਨਾਤ ਬੀ. ਐਸ. ਐਫ. ਨੰੂ ਵੀ ਇਸ ਘਟਨਾ ਲਈ ਜਵਾਬਦੇਹ ਬਣਾਇਆ ਜਾਵੇ | ਇਸ ਮੌਕੇ ਹਲਕਾ ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਜੇਕਰ ਪੁਲਿਸ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਤਾਂ ਲੋਕ ਕਿਵੇਂ ਸੁਰੱਖਿਅਤ ਰਹਿਣਗੇ | ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਦਿਨ-ਬ-ਦਿਨ ਪੰਜਾਬ ਦੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ | ਇਸ ਮਾਮਲੇ ਨੰੂ ਉਹ ਆਉਂਦੇ ਇਜਲਾਸ 'ਚ ਵੀ ਜ਼ੋਰ ਨਾਲ ਉਠਾਉਣਗੇ | ਇਸ ਮੌਕੇ ਆਗੂਆਂ ਨਾਲ ਪਹੁੰਚੇ ਸਮਰਥਕਾਂ ਵਲੋਂ ਪੰਜਾਬ ਸਰਕਾਰ ਅਤੇ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ |
ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦੀ ਵੀਡੀਓ ਹੋ ਰਹੀ ਹੈ ਵਾਇਰਲ
ਬੀਤੇ ਦਿਨੀਂ ਆਦੀਆਂ ਚੈੱਕ ਪੋਸਟ 'ਤੇ ਹੋਈ ਵਾਰਦਾਤ ਦੇ ਸੰਬੰਧ ਵਿਚ ਪਾਕਿਸਤਾਨ ਨਾਲ ਸੰੰਬੰਧਿਤ ਡਾਨ ਸ਼ਹਿਜ਼ਾਦ ਭੱਟੀ ਦੀ ਇਕ ਕਥਿਤ ਵੀਡੀਓ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਨੇ ਕਿਹਾ ਹੈ ਕਿ ਸਰਕਾਰਾਂ ਵਲੋਂ ਬੇਗੁਨਾਹਾਂ ਨੂੰ ਗੈਂਗਸਟਰਾਂ ਨਾਲ ਜੋੜ ਕੇ ਉਨ੍ਹਾਂ ਉੱਪਰ ਪਰਚੇ ਪਾਏ ਜਾ ਰਹੇ ਹਨ ਅਤੇ ਮੁਕਾਬਲੇ ਕੀਤੇ ਜਾ ਰਹੇ ਹਨ | ਆਦੀਆਂ ਚੈੱਕ ਪੋਸਟ 'ਤੇ ਹੋਈ ਵਾਰਦਾਤ ਇਸੇ ਗੱਲ ਦਾ ਨਤੀਜਾ ਹੈ | ਉਸ ਨੇ ਕਿਹਾ ਕਿ ਬੇਗੁਨਾਹਾਂ 'ਤੇ ਕੀਤੇ ਜਾ ਰਹੇ ਅੱਤਿਆਚਾਰਾਂ ਕਰਕੇ ਹੀ ਕਿਸੇ ਵਲੋਂ ਇਸ ਵਾਰਦਾਤ ਨੂੰ ਬਦਲੇ ਦੀ ਭਾਵਨਾ 'ਚ ਅੰਜਾਮ ਦਿੱਤਾ ਗਿਆ ਹੈ | ਉਸ ਨੇ ਕਿਹਾ ਕਿ ਬੇਸ਼ੱਕ ਇਨ੍ਹਾਂ ਦੋ ਪੁਲਿਸ ਮੁਲਾਜ਼ਮਾਂ ਦਾ ਕਿਸੇ ਵੀ ਮੁਕਾਬਲੇ ਜਾਂ ਬੇਗੁਨਾਹ ਉੱਪਰ ਦਰਜ ਕੀਤੇ ਮਾਮਲੇ ਵਿਚ ਹੱਥ ਨਹੀਂ ਹੋਵੇਗਾ | ਪਰ ਜਦੋਂ ਕੋਈ ਵਿਅਕਤੀ ਬਦਲਾ ਲੈਣ ਲਈ ਨਿਕਲਦਾ ਹੈ ਤਾਂ ਉਹ ਇਹ ਨਹੀਂ ਦੇਖਦਾ ਕਿ ਅੱਗੇ ਕੌਣ ਹੈ ਅਤੇ ਉਹ ਬੇਗੁਨਾਹ ਹੈ ਜਾਂ ਗੁਨਾਹਗਾਰ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ 'ਚ 3,200 ਕਰੋੜ ਦੀ ਲਾਗਤ ਵਾਲਾ ਟਾਟਾ ਸਟੀਲ ਪਲਾਂਟ ਮਾਰਚ ਤੋਂ ਹੋਵੇਗਾ ਕਾਰਜਸ਼ੀਲ <br/> ਅਗਲੀ ਖ਼ਬਰ ਮੈਕਸੀਕੋ 'ਚ ਖ਼ਤਰਨਾਕ ਨਸ਼ਾ ਤਸਕਰ 'ਅਲ ਮੈਂਚੋ' ਦੀ ਮੌਤ ਤੋਂ ਬਾਅਦ ਹਿੰਸਾ ਭੜਕੀ <br/>
Ad Position 24