ਚੰਡੀਗੜ੍ਹ, 23 ਫਰਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਕਿਹਾ ਕਿ ਮਾਰਚ ਤੋਂ ਲੁਧਿਆਣਾ ਵਿਚ ਟਾਟਾ ਸਟੀਲ ਦੇ ਮੈਨੂਫੈਕਚਰਿੰਗ ਪਲਾਂਟ ਦੇ ਕਾਰਜਸ਼ੀਲ ਹੋਣ ਨਾਲ ਪੰਜਾਬ ਵਿਚ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਾਜੈਕਟ ਸੂਬੇ ਦੀਆਂ ਪ੍ਰਗਤੀਸ਼ੀਲ ਨੀਤੀਆਂ ਅਤੇ ਮਜ਼ਬੂਤ ਸ਼ਾਸਨ ਢਾਂਚੇ ਵਿਚ ਆਲਮੀ ਉਦਯੋਗ ਦੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ | ਟਾਟਾ ਸਟੀਲ ਦੇ ਇਕ ਸੀਨੀਅਰ ਵਫ਼ਦ, ਜਿਸ ਵਿਚ ਉੱਪ-ਪ੍ਰਧਾਨ (ਲੌਂਗ ਪ੍ਰੋਡਕਟਸ) ਆਸ਼ੀਸ਼ ਅਨੁਪਮ ਅਤੇ ਕਾਰਪੋਰੇਟ ਮਾਮਲਿਆਂ ਦੇ ਸੀਨੀਅਰ ਪ੍ਰਤੀਨਿਧ ਸ਼ਾਮਿਲ ਸਨ, ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਟਾਟਾ ਸਟੀਲ ਗਰੁੱਪ ਦੁਨੀਆ ਦੇ ਮੋਹਰੀ ਸਟੀਲ ਨਿਰਮਾਤਾਵਾਂ ਵਿਚੋਂ ਇੱਕ ਹੈ, ਜਿਸ ਦੀ ਕੱਚੇ ਸਟੀਲ ਦੀ ਸਾਲਾਨਾ ਸਮਰਥਾ ਲਗਭਗ 34 ਮਿਲੀਅਨ ਟਨ ਹੈ ਅਤੇ ਦੁਨੀਆ ਦੇ ਵੱਖ-ਵੱਖ ਭੂਗੋਲਿਕ ਖੇਤਰਾਂ ਵਿਚ ਇਸ ਦਾ ਮਜ਼ਬੂਤ ਸਥਾਨ ਹੈ | ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਸਟੀਲ ਲਿਮਟਿਡ ਲੁਧਿਆਣਾ ਦੀ ਹਾਈਟੈੱਕ ਵੈਲੀ ਨੇੜੇ ਰੀਬਾਰ ਮਿੱਲ ਦੇ ਨਾਲ ਇੱਕ 0.75 ਐਮ.ਟੀ.ਪੀ.ਏ. ਇਲੈਕਟਿ੍ਕ ਆਰਕ ਫਰਨੇਸ ਅਧਾਰਿਤ ਸਟੀਲ-ਮੇਕਿੰਗ ਫੈਸਿਲਟੀ ਸਥਾਪਤ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ 115 ਏਕੜ ਵਿਚ ਫੈਲੇ ਇਸ ਪ੍ਰਾਜੈਕਟ ਵਿਚ ਸ਼ੁਰੂ 'ਚ ਲਗਭਗ 2,600 ਕਰੋੜ ਦੇ ਨਿਵੇਸ਼ ਦਾ ਅਨੁਮਾਨ ਸੀ, ਜੋ ਹੁਣ ਵਧ ਕੇ 3,200 ਕਰੋੜ ਹੋ ਗਿਆ ਹੈ | ਇਸ ਪਲਾਂਟ ਤੋਂ ਲਗਭਗ 2,500 ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਖੇਤਰ ਦੇ ਉਦਯੋਗਿਕ ਮਾਹੌਲ ਨੂੰ ਮਜ਼ਬੂਤੀ ਮਿਲੇਗੀ | ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਯੂਨਿਟ 100 ਫੀਸਦੀ ਸਟੀਲ ਸਕ੍ਰੈਪ ਨੂੰ ਕੱਚੇ ਮਾਲ ਵਜੋਂ ਵਰਤੇਗਾ ਅਤੇ ਟਿਕਾਊ ਅਤੇ ਵਾਤਾਵਰਨ-ਅਨੁਕੂਲ ਉਤਪਾਦਨ ਪ੍ਰਕਿਰਿਆ ਅਪਣਾਏਗਾ | ਉਨ੍ਹਾਂ ਕਿਹਾ ਕਿ ਇਲੈਕਟਿ੍ਕ ਆਰਕ ਫਰਨੇਸ ਰੂਟ ਰਵਾਇਤੀ ਬਲਾਸਟ ਫਰਨੇਸ ਤਕਨਾਲੋਜੀ ਦੇ ਮੁਕਾਬਲੇ ਕਾਰਬਨ ਨਿਕਾਸ ਨੂੰ ਕਾਫ਼ੀ ਹੱਦ ਤੱਕ ਘਟਾਉਂਦਾ ਹੈ | ਇਸ ਪ੍ਰਾਜੈਕਟ ਦੀ ਸ਼ੁਰੂਆਤ ਨੂੰ ਸੂਬੇ ਲਈ ਮਾਣ ਵਾਲੀ ਗੱਲ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਜਮਸ਼ੇਦਪੁਰ ਤੋਂ ਬਾਅਦ ਭਾਰਤ ਵਿਚ ਟਾਟਾ ਸਟੀਲ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੈ ਤੇ ਪੰਜਾਬ ਵਿਚ ਕੰਪਨੀ ਦੇ ਸਭ ਤੋਂ ਵੱਡੇ ਨਿਵੇਸ਼ ਨੂੰ ਦਰਸਾਉਂਦਾ ਹੈ | ਨਿਰੰਤਰ ਉਦਯੋਗਿਕ ਵਿਸਥਾਰ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਪ੍ਰਾਜੈਕਟ ਦੇ ਸਫ਼ਲ ਸੰਚਾਲਨ ਅਤੇ ਭਵਿੱਖ ਵਿਚ ਹੋਰ ਵਿਸਥਾਰ ਲਈ ਟਾਟਾ ਸਟੀਲ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ |
ਲੁਧਿਆਣਾ 'ਚ 3,200 ਕਰੋੜ ਦੀ ਲਾਗਤ ਵਾਲਾ ਟਾਟਾ ਸਟੀਲ ਪਲਾਂਟ ਮਾਰਚ ਤੋਂ ਹੋਵੇਗਾ ਕਾਰਜਸ਼ੀਲ <br/>
ਅਜੀਤ ਡੈਸਕ
24-02-2026