20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਅੱਤਵਾਦ ਨੂੰ ਕਿਸੇ ਵੀ ਹਾਲ 'ਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ-ਮੋਦੀ

Ad Position 21
No active advertisement
ਅਜੀਤ ਡੈਸਕ 26-02-2026

* ਇਜ਼ਰਾਈਲੀ ਸੰਸਦ 'ਚ ਸੰਬੋਧਨ ਦੌਰਾਨ ਹਮਾਸ ਦੇ ਹਮਲੇ ਦੀ ਕੀਤੀ ਨਿੰਦਾ
* ਸਰਬਉੱਚ ਸਨਮਾਨ 'ਸਪੀਕਰ ਆਫ਼ ਦਿ ਨੇਸੇਟ ਮੈਡਲ' ਨਾਲ ਸਨਮਾਨਿਤ

ਯੇਰੂਸ਼ਲਮ, 25 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੇ ਦੋ ਦਿਨਾਂ ਦੌਰੇ ਦੌਰਾਨ ਇਜ਼ਰਾਇਲੀ ਸੰਸਦ ਨੂੰ ਸੰਬੋਧਨ ਦੌਰਾਨ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਸੀਂ ਤੁਹਾਡਾ ਦਰਦ ਸਮਝਦੇ ਹਾਂ | ਭਾਰਤ ਵੀ ਲੰਮੇ ਸਮੇਂ ਤੋਂ ਅੱਤਵਾਦ ਤੋਂ ਪੀੜਤ ਹੈ | ਸਾਨੂੰ 26/11 ਦੇ ਮੁੰਬਈ ਹਮਲੇ ਯਾਦ ਹਨ, ਜਿਨ੍ਹਾਂ 'ਚ ਇਜ਼ਰਾਇਲੀ ਨਾਗਰਿਕਾਂ ਸਮੇਤ ਕਈ ਬੇਕਸੂਰ ਵਿਅਕਤੀਆਂ ਦੀ ਜਾਨ ਗਈ ਸੀ | ਭਾਰਤ ਇਸ ਸਮੇਂ ਅਤੇ ਭਵਿੱਖ 'ਚ ਵੀ ਪੂਰੇ ਵਿਸ਼ਵਾਸ ਦੇ ਨਾਲ ਇਜ਼ਰਾਈਲ ਦੇ ਨਾਲ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਆਮ ਨਾਗਰਿਕਾਂ ਦੀ ਹੱਤਿਆ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਅੱਤਵਾਦ ਨੂੰ ਕਿਸੇ ਵੀ ਹਾਲ 'ਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ | ਤੁਹਾਡੀ ਤਰ੍ਹਾਂ ਭਾਰਤ ਦੀ ਵੀ ਅੱਤਵਾਦ ਦੇ ਖ਼ਿਲਾਫ਼ ਸਖ਼ਤ ਨੀਤੀ ਹੈ ਅਤੇ ਇਸ 'ਚ ਕੋਈ ਦੋਹਰਾ ਮਾਪਦੰਡ ਨਹੀਂ ਹੈ | ਇਜ਼ਰਾਇਲੀ ਸੰਸਦ ਨੇਸੇਟ ਨੂੰ ਸੰਬੋਧਨ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਦ ਦਾ ਸਰਵਉੱਚ ਸਨਮਾਨ 'ਸਪੀਕਰ ਆਫ਼ ਦਿ ਨੇਸੇਟ ਮੈਡਲ' ਪ੍ਰਦਾਨ ਕੀਤਾ ਗਿਆ | ਨੇਸੇਟ ਦੇ ਸਪੀਕਰ ਆਮਿਰ ਓਹਾਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਪੁਰਸਕਾਰ ਭਾਰਤ ਅਤੇ ਇਜ਼ਰਾਈਲ ਦਰਮਿਆਨ ਰਣਨੀਤਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ 'ਚ ਉਨ੍ਹਾਂ ਦੇ ਅਸਾਧਾਰਨ ਯੋਗਦਾਨ ਲਈ ਪ੍ਰਦਾਨ ਕੀਤਾ | ਸੰਸਦ 'ਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਮਰਥਨ ਵਾਲੀ ਗਾਜਾ ਸ਼ਾਂਤੀ ਪਹਿਲ ਨੂੰ ਪੂਰੇ ਖੇਤਰ 'ਚ ਨਿਆਂਸੰਗਤ ਅਤੇ ਟਿਕਾਊ ਸ਼ਾਂਤੀ ਦਾ ਰਸਤਾ ਦੱਸਿਆ ਅਤੇ ਕਿਹਾ ਕਿ ਇਹ ਪਹਿਲ ਅੱਗੇ ਵਧਣ ਦਾ ਇਕ ਰਸਤਾ ਦਿਖਾਉਂਦੀ ਹੈ ਅਤੇ ਭਾਰਤ ਇਸ ਪਹਿਲ ਦਾ ਮਜ਼ਬੂਤੀ ਨਾਲ ਸਮਰਥਨ ਕਰਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਇਜ਼ਾਰਈਲ ਨੂੰ ਇਕਜੁੱਟਤਾ ਦਾ ਮਜ਼ਬੂਤ ਸੰਦੇਸ਼ ਦਿੰਦਿਆਂ ਕਿਹਾ ਕਿ ਕਿਤੇ ਵੀ ਅੱਤਵਾਦ ਹਰ ਜਗ੍ਹਾਂ ਸ਼ਾਂਤੀ ਲਈ ਖ਼ਤਰਾ ਬਣਦਾ ਹੈ | ਉਨ੍ਹਾਂ ਕਿਹਾ ਕਿ ਅੱਤਵਾਦ ਸਮਾਜ ਨੂੰ ਅਸਥਿਰ ਕਰਦਾ ਹੈ, ਵਿਕਾਸ ਰੋਕਦਾ ਹੈ ਅਤੇ ਲੋਕਾਂ 'ਚ ਭਰੋਸਾ ਘੱਟ ਕਰਦਾ ਹੈ | ਇਸ ਨਾਲ ਲੜਨ ਲਈ ਦੁਨੀਆ ਨੂੰ ਮਿਲ ਕੇ ਲਗਾਤਾਰ ਕਦਮ ਚੁੱਕਣੇ ਪੈਣਗੇ | ਉਨ੍ਹਾਂ ਕਿਹਾ ਕਿ ਸਾਡੇ ਸਾਰੇ ਕਦਮ ਸਮਝਦਾਰੀ, ਹਿੰਮਤ ਅਤੇ ਇਨਸਾਨੀਅਤ ਦੇ ਆਧਾਰ 'ਤੇ ਹੋਣੇ ਚਾਹੀਦੇ ਹਨ | ਸ਼ਾਂਤੀ ਦਾ ਰਸਤਾ ਸੌਖਾ ਨਹੀਂ ਹੁੰਦਾ ਪਰ ਭਾਰਤ ਇਸ ਖੇਤਰ 'ਚ ਗੱਲਬਾਤ, ਸ਼ਾਂਤੀ ਅਤੇ ਸਥਿਰਤਾ ਲਈ ਤੁਹਾਡੇ ਨਾਲ ਅਤੇ ਦੁਨੀਆ ਦੇ ਨਾਲ ਖੜ੍ਹਾ ਹੈ | ਉਨ੍ਹਾਂ ਕਿਹਾ ਮੈਂ 140 ਕਰੋੜ ਭਾਰਤੀਆਂ ਵਲੋਂ ਤੁਹਾਡੇ ਲਈ ਸ਼ੁੱਭਕਾਮਨਾਵਾਂ, ਮਿੱਤਰਤਾ, ਸਨਮਾਨ ਅਤੇ ਮਜ਼ਬੂਤ ਸਾਂਝੇਦਾਰੀ ਦਾ ਸੰਦੇਸ਼ ਲੈ ਕੇ ਆਇਆ ਹਾਂ | ਉਨ੍ਹਾਂ ਕਿਹਾ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਭਾਰਤ 'ਚ ਯਹੂਦੀ ਭਾਈਚਾਰਾ ਬਿਨ੍ਹਾਂ ਕਿਸੇ ਡਰ ਜਾਂ ਭੇਦਭਾਵ ਦੇ ਰਿਹਾ ਹੈ | ਭਾਰਤ ਅਤੇ ਇਜ਼ਰਾਈਲ ਦਾ ਰਿਸ਼ਤਾ 2 ਹਜ਼ਾਰ ਸਾਲ ਤੋਂ ਵੀ ਪੁਰਾਣਾ ਹੈ | ਪਹਿਲੇ ਵਿਸ਼ਵ ਯੁੱਧ ਦੌਰਾਨ ਇਸ ਖੇਤਰ 'ਚ 4 ਹਜ਼ਾਰ ਤੋਂ ਵੱਧ ਭਾਰਤੀ ਸੈਨਿਕਾਂ ਨੇ ਬਲਿਦਾਨ ਦਿੱਤਾ ਸੀ | ਸਾਡਾ ਰਿਸ਼ਤਾ ਖੂਨ ਅਤੇ ਤਿਆਗ ਨਾਲ ਵੀ ਜੁੜਿਆ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥ ਵਿਵਸਥਾ ਰਿਹਾ ਹੈ | ਜਲਦ ਹੀ ਅਸੀਂ ਦੁਨੀਆ ਦੀਆਂ ਤਿੰਨ ਚੋਟੀ ਦੀਆਂ ਅਰਥਵਿਵਸਥਾਵਾਂ 'ਚ ਸ਼ਾਮਿਲ ਹੋ ਜਾਵਾਂਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਇਲੀ ਸੰਸਦ ਨੇਸੇਟ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ | ਉਨ੍ਹਾਂ ਦੇ ਸੰਸਦ ਭਵਨ 'ਚ ਪੁੱਜਣ ਮੌਕੇ ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਸਵਾਗਤ ਕੀਤਾ ਅਤੇ ਮੋਦੀ-ਮੋਦੀ ਦੇ ਨਾਅਰੇ ਲਗਾਏ |
ਨੇਤਨਯਾਹੂ ਵਲੋਂ ਗਰਮਜੋਸ਼ੀ ਨਾਲ ਸਵਾਗਤ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਥੇ ਪੁੱਜਣ 'ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਨੇਤਨਯਾਹੂ ਨੇ ਨਿੱਘਾ ਸਵਾਗਤ ਕੀਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 9 ਸਾਲਾਂ 'ਚ ਇਜ਼ਰਾਈਲ ਦਾ ਦੂਜਾ ਦੌਰਾ ਹੈ | ਨੇਤਨਯਾਹੂ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਗਲੇ ਮਿਲ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ, ਜਿਸ ਦੇ ਬਾਅਦ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ | ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਜ਼ਰਾਈਲ 'ਚ ਤੁਹਾਡਾ ਸਵਾਗਤ ਕਰਨਾ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਸ੍ਰੀਮਤੀ ਨੇਤਨਯਾਹੂ ਵਲੋਂ ਹਵਾਈ ਅੱਡੇ 'ਤੇ ਸਵਾਗਤ ਕੀਤੇ ਜਾਣ 'ਤੇ ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ |
ਦੁਵੱਲੇ ਮੁੱਦਿਆਂ 'ਤੇ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਹਵਾਈ ਅੱਡੇ 'ਤੇ ਇਕ ਨਿੱਜੀ ਮੁਲਾਕਾਤ ਵੀ ਕੀਤੀ | ਜਿਸ ਦੌਰਾਨ ਦੋਵੇਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਨੂੰ ਵਧਾਉਣ ਦੇ ਮਕਸਦ ਨਾਲ ਕਈ ਵਿਸ਼ਿਆਂ 'ਤੇ ਗੱਲਬਾਤ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਕਨਾਲੋਜੀ, ਜਲ ਪ੍ਰਬੰਧਨ, ਖੇਤੀਬਾੜੀ, ਹੁਨਰ ਭਾਈਵਾਲੀ ਅਤੇ ਦੂਸਰੇ ਹੋਰ ਖੇਤਰਾਂ 'ਚ ਨਜ਼ਦੀਕੀ ਸਹਿਯੋਗ ਦੀ ਬਹੁਤ ਸੰਭਾਵਨਾ ਹੈ | ਅਸੀਂ ਇਨ੍ਹਾਂ ਖੇਤਰਾਂ 'ਚ ਹੋਏ ਵਿਕਾਸ ਸੰਬੰਧੀ ਵੀ ਚਰਚਾ ਕੀਤੀ | ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਐਕਸ 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਲਿਖਿਆ ਕਿ ਮੇਰੇ ਪਿਆਰੇ ਮਿੱਤਰ ਪ੍ਰਧਾਨ ਮੰਤਰੀ ਮੋਦੀ ਤੁਹਾਡਾ ਇਜ਼ਰਾਈਲ 'ਚ ਸਵਾਗਤ ਹੈ | ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਅਤੇ ਪ੍ਰਧਾਨ ਮੰਤਰੀ ਮੋਦੀ ਦਰਮਿਆਨ ਕਰੀਬੀ ਨਿੱਜੀ ਰਿਸ਼ਤੇ ਹਨ | ਉਨ੍ਹਾਂ ਕਿਹਾ ਕਿ ਅਸੀਂ ਅਕਸਰ ਗੱਲ ਕਰਦੇ ਹਾਂ ਅਤੇ ਮੇਰਾ ਮੰਨਣਾ ਹੈ ਕਿ ਸਾਡੇ ਦਰਮਿਆਨ ਡੂੰਘੀ ਦੋਸਤੀ ਸਾਡੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਮਜ਼ਬੂਤੀ ਨਾਲ ਦਿਖਾਉਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸੂਬੇ ਦੀ ਸੁਰੱਖਿਆ ਤੇ ਸ਼ਾਂਤੀ ਲਈ ਸਰਕਾਰ ਵਚਨਬੱਧ-ਮੁੱਖ ਮੰਤਰੀ ਅਗਲੀ ਖ਼ਬਰ ਟਰੰਪ ਵਲੋਂ ਸ਼ਾਹਬਾਜ਼ ਸ਼ਰੀਫ਼ ਦਾ ਹਵਾਲਾ ਦੇ ਕੇ 'ਆਪ੍ਰੇਸ਼ਨ ਸੰਧੂਰ' ਬਾਰੇ ਮਹੱਤਵਪੂਰਨ ਦਾਅਵਾ
Ad Position 24