ਦੁਬਈ, 7 ਮਾਰਚ (ਏਜੰਸੀ)-ਅਮਰੀਕਾ ਤੇ ਇਜ਼ਰਾਈਲ ਦੁਆਰਾ ਈਰਾਨ 'ਤੇ ਸ਼ੁਰੂ ਕੀਤੇ ਹਮਲੇ ਦੂਜੇ ਹਫ਼ਤੇ 'ਚ ਦਾਖ਼ਲ ਹੋ ਰਹੇ ਹਨ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਹੋਰ ਬਹੁਤ ਸਖ਼ਤ ਹਮਲਿਆਂ ਦੀ ਧਮਕੀ ਦਿੱਤੀ ਹੈ | ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਹੈ ਕਿ ਈਰਾਨ ਕਦੇ ਵੀ ਆਤਮ ਸਮਰਪਣ ਨਹੀਂ ਕਰੇਗਾ | ਤਹਿਰਾਨ ਨੇ ਇਜ਼ਰਾਈਲ ਤੇ ਖਾੜੀ ਖੇਤਰ 'ਚ ਡਰੋਨ ਤੇ ਮਿਜ਼ਾਈਲਾਂ ਨਾਲ ਹਮਲੇ ਜਾਰੀ ਰੱਖੇ ਹੋਏ ਹਨ | ਈਰਾਨ ਦੇ ਰਾਸ਼ਟਰਪਤੀ ਨੇ ਖੇਤਰੀ ਦੇਸ਼ਾਂ 'ਤੇ ਹਮਲਿਆਂ ਲਈ ਮੁਆਫ਼ੀ ਮੰਗੀ ਹੈ, ਹਾਲਾਂਕਿ ਉਸ ਦੀਆਂ ਮਿਜ਼ਾਈਲਾਂ ਤੇ ਡਰੋਨ ਖਾੜੀ ਅਰਬ ਦੇਸ਼ਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ | ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਅਮਰੀਕਾ ਦੀ ਬਿਨਾਂ ਸ਼ਰਤ ਆਤਮ-ਸਮਰਪਣ ਕਰਨ ਦੀ ਮੰਗ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਖ਼ਤ ਲਹਿਜੇ 'ਚ ਕਿਹਾ ਹੈ ਕਿ ਅਜਿਹਾ ਕਰਨਾ ਅਮਰੀਕਾ ਦਾ ਇਕ ਅਜਿਹਾ ਖ਼ੁਆਬ ਹੈ, ਜਿਸ ਨੂੰ ਉਨ੍ਹਾਂ ਨੂੰ ਆਪਣੀ ਕਬਰ ਤੱਕ ਨਾਲ ਲੈ ਕੇ ਜਾਣਾ ਪਵੇਗਾ | ਸਰਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਇਕ ਸੰਬੋਧਨ ਦੌਰਾਨ ਪੇਜੇਸ਼ਕੀਅਨ ਨੇ ਸਪੱਸ਼ਟ ਕੀਤਾ ਕਿ ਈਰਾਨ ਕਿਸੇ ਵੀ ਦਬਾਅ ਅੱਗੇ ਝੁਕਣ ਵਾਲਾ ਨਹੀਂ ਹੈ | ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਖੇਤਰ 'ਚ ਫ਼ੌਜੀ ਤੇ ਰਾਜਨੀਤਿਕ ਤਣਾਅ ਲਗਾਤਾਰ ਵਧ ਰਿਹਾ ਹੈ | ਦੂਜੇ ਪਾਸੇ ਈਰਾਨੀ ਰਾਸ਼ਟਰਪਤੀ ਨੇ ਖੇਤਰੀ ਦੇਸ਼ਾਂ 'ਤੇ ਈਰਾਨ ਵਲੋਂ ਕੀਤੇ ਗਏ ਹਮਲਿਆਂ ਲਈ ਜਨਤਕ ਤੌਰ 'ਤੇ ਮੁਆਫ਼ੀ ਵੀ ਮੰਗੀ ਹੈ | ਉਨ੍ਹਾਂ ਸੰਕੇਤ ਦਿੱਤਾ ਹੈ ਕਿ ਬਹਿਰੀਨ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਤੇ ਹੋਏ ਇਹ ਹਮਲੇ ਫ਼ੌਜੀ ਅਧਿਕਾਰੀਆਂ ਵਿਚਕਾਰ ਸੂਚਨਾ ਦੇ ਗਲਤ ਸੰਚਾਰ (ਕਮਿਊਨਿਕੇਸ਼ਨ ਗੈਪ) ਕਾਰਨ ਹੋਏ ਸਨ | ਉਨ੍ਹਾਂ ਭਰੋਸਾ ਦਿੱਤਾ ਕਿ ਤਹਿਰਾਨ ਹੁਣ ਇਨ੍ਹਾਂ ਹਮਲਿਆਂ ਨੂੰ ਰੋਕ ਦੇਵੇਗਾ | ਇਹ ਬਿਆਨ ਖੇਤਰ 'ਚ ਸ਼ਾਂਤੀ ਦੀ ਇਕ ਮਹੀਨ ਉਮੀਦ ਵਜੋਂ ਦੇਖਿਆ ਜਾ ਰਿਹਾ ਹੈ | ਹਾਲਾਂਕਿ ਸਨਿਚਰਵਾਰ ਸਵੇਰੇ ਵੀ ਕਈ ਖੇਤਰੀ ਦੇਸ਼ਾਂ 'ਤੇ ਹਮਲੇ ਜਾਰੀ ਰਹੇ | ਇਸ ਤੋਂ ਪਹਿਲਾਂ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਤਹਿਰਾਨ ਤੇ ਲਿਬਨਾਨ ਦੀ ਰਾਜਧਾਨੀ ਬੈਰੂਤ 'ਤੇ ਭਾਰੀ ਬੰਬਾਰੀ ਕੀਤੀ ਹੈ, ਜਿਸ 'ਚ ਹੁਣ ਤੱਕ ਈਰਾਨ 'ਚ 1300 ਤੋਂ ਵੱਧ ਤੇ ਲਿਬਨਾਨ 'ਚ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਈਰਾਨ ਦੇ ਅਗਲੇ ਸਰਬਉੱਚ ਨੇਤਾ ਦੀ ਚੋਣ 'ਚ ਵੀ ਦਖ਼ਲ ਦੇਣਗੇ | ਇਸ ਦੌਰਾਨ ਖ਼ਬਰਾਂ ਹਨ ਕਿ ਰੂਸ ਨੇ ਈਰਾਨ ਨੂੰ ਅਮਰੀਕੀ ਜੰਗੀ ਜਹਾਜ਼ਾਂ 'ਤੇ ਹਮਲਾ ਕਰਨ ਲਈ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਹੈ, ਜਿਸ ਨੇ ਜੰਗ ਦੇ ਹੋਰ ਫੈਲਣ ਦਾ ਖ਼ਤਰਾ ਵਧਾ ਦਿੱਤਾ ਹੈ | ਦੂਜੇ ਪਾਸੇ ਈਰਾਨ ਨੇ ਵੀ ਇਜ਼ਰਾਈਲ ਤੇ ਖਾੜੀ ਦੇ ਹੋਰ ਦੇਸ਼ਾਂ 'ਤੇ ਜਵਾਬੀ ਮਿਜ਼ਾਈਲ ਹਮਲੇ ਕੀਤੇ ਹਨ, ਜਿਸ ਕਾਰਨ ਯੇਰੂਸ਼ਲਮ ਤੇ ਬਹਿਰੀਨ ਵਰਗੇ ਇਲਾਕਿਆਂ 'ਚ ਖ਼ਤਰੇ ਦੇ ਸਾਈਰਨ ਗੂੰਜ ਰਹੇ ਹਨ |
ਟਰੰਪ ਵਲੋਂ ਈਰਾਨ 'ਤੇ ਹੋਰ ਸਖ਼ਤ ਹਮਲਿਆਂ ਦੀ ਧਮਕੀ <br/>
ਅਜੀਤ ਡੈਸਕ
08-03-2026