ਸੰਸਦ ਦੇ ਬਜਟ ਇਜਲਾਸ ਦਾ ਦੂਜਾ ਪੜਾਅ ਅੱਜ ਤੋਂ
ਅਜੀਤ ਡੈਸਕ
09-03-2026
ਨਵੀਂ ਦਿੱਲੀ, 8 ਮਾਰਚ (ਏਜੰਸੀ)-ਸੰਸਦ ਦੇ ਬਜਟ ਇਜਲਾਸ ਦਾ ਦੂਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਪਹਿਲੇ ਹੀ ਦਿਨ ਲੋਕ ਸਭਾ 'ਚ ਜ਼ੋਰਦਾਰ ਹੰਗਾਮੇ ਦੇ ਸੰਕੇਤ ਮਿਲ ਰਹੇ ਹਨ | ਵਿਰੋਧੀ ਧਿਰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਅਹੁਦੇ ਤੋਂ ਹਟਾਉਣ ਲਈ ਲਿਆਂਦੇ ਗਏ ਪ੍ਰਸਤਾਵ 'ਤੇ ਚਰਚਾ ਕਰਵਾਉਣ ਲਈ ਤਿਆਰ ਹੈ | ਇਸ ਪ੍ਰਸਤਾਵ ਨੂੰ ਲੈ ਕੇ ਸੱਤਾ ਧਿਰ ਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਹਿਸ ਹੋਣ ਦੀ ਸੰਭਾਵਨਾ ਹੈ | ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਦੌਰਾਨ ਪੱਖਪਾਤੀ ਰਵੱਈਆ ਅਪਨਾਇਆ ਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਲੈ ਕੇ ਕੁਝ ਗਲਤ ਦਾਅਵੇ ਵੀ ਕੀਤੇ | ਇਸੇ ਵਜ੍ਹਾ ਨਾਲ ਕਈ ਵਿਰੋਧੀ ਧਿਰਾਂ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਹਟਾਉਣ ਦਾ ਪ੍ਰਸਤਾਵ ਦਿੱਤਾ ਹੈ | ਨਿਯਮਾਂ ਅਨੁਸਾਰ ਪ੍ਰਸਤਾਵ ਦਿੱਤੇ ਜਾਣ ਦੇ ਬਾਅਦ ਓਮ ਬਿਰਲਾ ਨੇ ਖੁਦ ਨੂੰ ਕਾਰਵਾਈ ਤੋਂ ਵੱਖ ਕਰ ਲਿਆ ਹੈ ਤੇ ਕਿਹਾ ਗਿਆ ਹੈ ਕਿ ਪ੍ਰਸਤਾਵ 'ਤੇ ਫੈਸਲਾ ਹੋਣ ਤੋਂ ਬਾਅਦ ਹੀ ਉਹ ਫਿਰ ਤੋਂ ਸਦਨ ਦੀ ਕਾਰਵਾਈ ਸੰਭਾਲਣਗੇ |