02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਇਜ਼ਰਾਈਲ ਵਲੋਂ ਲਿਬਨਾਨ ਤੇ ਈਰਾਨ ਦੇ ਤੇਲ ਡਿਪੂਆਂ 'ਤੇ ਹਮਲਾ

Ad Position 21
No active advertisement
ਅਜੀਤ ਡੈਸਕ 09-03-2026

ਈਰਾਨ ਵਲੋਂ ਕਤਰ 'ਚ ਅਮਰੀਕੀ ਹੈਲੀਕਾਪਟਰ ਬੇਸ 'ਤੇ ਹਮਲੇ ਦਾ ਦਾਅਵਾ
ਦੁਬਈ, 8 ਮਾਰਚ (ਏਜੰਸੀ)-ਇਜ਼ਰਾਈਲ ਵਲੋਂ ਐਤਵਾਰ ਨੂੰ ਲਿਬਨਾਨ ਅਤੇ ਈਰਾਨ 'ਚ ਤੇਲ ਭੰਡਾਰ ਸਹੂਲਤਾਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਗਏ | ਇਜ਼ਰਾਈਲੀ ਫ਼ੌਜ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਵਲੋਂ ਈਰਾਨ 'ਚ 400 ਤੋਂ ਵੱਧ ਫ਼ੌਜੀ ਟਿਕਾਣਿਆਂ 'ਤੇ ਵੀ ਹਮਲੇ ਕੀਤੇ ਗਏ ਹਨ | ਇਨ੍ਹਾਂ 'ਚ ਬੈਲਿਸਟਿਕ ਮਿਜ਼ਾਈਲ ਲਾਂਚ ਸਾਈਟ ਅਤੇ ਹਥਿਆਰ ਬਣਾਉਣ ਵਾਲੇ ਕੇਂਦਰ ਸ਼ਾਮਿਲ ਹਨ | ਦੂਜੇ ਪਾਸੇ, ਈਰਾਨ ਵਲੋਂ ਕਤਰ 'ਚ ਅਮਰੀਕੀ ਹੈਲੀਕਾਪਟਰ ਬੇਸ 'ਤੇ ਹਮਲਾ ਕਰਨ ਦਾ ਦਾਅਵਾ ਕੀਤਾ ਗਿਆ ਹੈ | ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ. ਆਰ. ਜੀ. ਸੀ.) ਨੇ ਦਾਅਵਾ ਕੀਤਾ ਕਿ ਉਸ ਨੇ ਅਮਰੀਕੀ ਹੈਲੀਕਾਪਟਰ ਬੇਸ ਅਲ-ਅਦੀਰੀ 'ਤੇ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਥੇ ਹੈਲੀਕਾਪਟਰ ਤਿਆਰ ਕਰਨ ਅਤੇ ਮੁਰੰਮਤ ਕਰਨ ਵਾਲੇ ਕੇਂਦਰ, ਹੈਲੀਕਾਪਟਰ ਅਤੇ ਜਹਾਜ਼ਾਂ ਦੇ ਤੇਲ ਟੈਂਕ ਅਤੇ ਬੇਸ ਕਮਾਂਡ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਇਸ ਬੇਸ 'ਤੇ ਅਮਰੀਕੀ ਹਵਾਈ ਫ਼ੌਜ ਦੀ ਲੜਾਕੂ ਯੂਨਿਟ ਦੇ ਨਾਲ-ਨਾਲ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੀ ਯੂਨਿਟ ਵੀ ਤਾਇਨਾਤ ਹੈ | ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦਾ ਕਹਿਣਾ ਹੈ ਕਿ ਈਰਾਨ ਨੇ 16 ਬੈਲਿਸਟਿਕ ਮਿਜ਼ਾਈਲਾਂ ਅਤੇ 117 ਤੋਂ ਵੱਧ ਡਰੋਨ ਦਾਗੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਹਵਾ 'ਚ ਹੀ ਨਸ਼ਟ ਕਰ ਦਿੱਤਾ ਗਿਆ | ਇਸ ਦੇ ਨਾਲ ਹੀ ਈਰਾਨ ਵਲੋਂ ਬਹਿਰੀਨ ਵਿਚ ਇਕ 'ਡੀਸੈਲੀਨੇਸ਼ਨ ਪਲਾਂਟ' (ਖਾਰੇ ਪਾਣੀ ਨੂੰ ਮਿੱਠਾ ਕਰਨ ਵਾਲੀ ਸਹੂਲਤ) ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ | ਇਸ ਹਮਲੇ ਸੰਬੰਧੀ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਦਾਅਵਾ ਕੀਤਾ ਕਿ ਸਭ ਤੋਂ ਪਹਿਲਾਂ ਅਮਰੀਕਾ ਵਲੋਂ ਕੇਸ਼ਮ ਟਾਪੂ 'ਤੇ ਇਕ ਈਰਾਨੀ 'ਡੀਸੈਲੀਨੇਸ਼ਨ ਪਲਾਂਟ' ਨੂੰ ਨੁਕਸਾਨ ਪਹੁੰਚਾ ਕੇ ਗਲਤ ਮਿਸਾਲ ਕਾਇਮ ਕੀਤੀ ਗਈ ਸੀ, ਕਿਉਂਕਿ ਖਾੜੀ ਦੇ ਸੁੱਕੇ ਰੇਗਿਸਤਾਨਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਅਜਿਹਾ ਬੁਨਿਆਦੀ ਢਾਂਚਾ ਬਹੁਤ ਮਹੱਤਵਪੂਰਨ ਹੈ | ਤਹਿਰਾਨ ਵਿਚ ਤੇਲ ਭੰਡਾਰ ਸਹੂਲਤਾਂ 'ਤੇ ਇਜ਼ਰਾਈਲੀ ਹਮਲੇ ਕਾਰਨ ਅੱਗ ਦੀਆਂ ਵੱਡੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ | ਇਹ ਪਹਿਲੀ ਵਾਰ ਹੈ ਜਦੋਂ ਜੰਗ ਵਿਚ ਕਿਸੇ ਜਨਤਕ ਉਦਯੋਗਿਕ ਸਹੂਲਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਜਾਣਕਾਰੀ ਅਨੁਸਾਰ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲੀ ਸਾਂਝੇ ਹਮਲਿਆਂ ਤੋਂ ਬਾਅਦ ਸ਼ੁਰੂ ਹੋਈ ਜੰਗ ਵਿਚ ਹੁਣ ਤੱਕ ਈਰਾਨ 'ਚ ਘੱਟੋ-ਘੱਟ 1332, ਲਿਬਨਾਨ ਵਿਚ 394 ਅਤੇ ਇਜ਼ਰਾਈਲ ਵਿਚ ਲਗਭਗ ਇਕ ਦਰਜਨ ਲੋਕ ਮਾਰੇ ਗਏ ਹਨ | ਲਿਬਨਾਨ ਦੇ ਸਿਹਤ ਮੰਤਰੀ ਰਾਕਾਨ ਨਾਸੇਰਦੀਨ ਅਨੁਸਾਰ ਮਾਰੇ ਗਏ ਲੋਕਾਂ 'ਚ 83 ਬੱਚੇ ਅਤੇ 82 ਔਰਤਾਂ ਸ਼ਾਮਿਲ ਹਨ, ਜਦੋਂਕਿ 4 ਲੱਖ ਤੋਂ ਵੱਧ ਲੋਕਾਂ ਦੇ ਬੇਘਰ ਹੋ ਗਏ ਹਨ | ਈਰਾਨ ਦਾ ਕਹਿਣਾ ਹੈ ਕਿ ਹਮਲਿਆਂ ਨੇ ਲਗਭਗ 10,000 ਨਾਗਰਿਕ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ, ਜਿਨ੍ਹਾਂ 'ਚ 7,943 ਰਿਹਾਇਸ਼ੀ ਅਤੇ 1,617 ਵਪਾਰਕ ਇਕਾਈਆਂ ਦੇ ਨਾਲ-ਨਾਲ ਕਈ ਮੈਡੀਕਲ ਅਤੇ ਵਿਦਿਅਕ ਸਹੂਲਤਾਂ ਸ਼ਾਮਿਲ ਹਨ |
ਜੰਗ 'ਚ 6 ਮਹੀਨਿਆਂ ਤੱਕ ਵੀ ਟਿਕਣ ਦੀ ਤਾਕਤ-ਰੈਵੋਲਿਊਸ਼ਨਰੀ ਗਾਰਡ
ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਦਾ ਕਹਿਣਾ ਹੈ ਕਿ ਈਰਾਨ ਦੀਆਂ ਹਥਿਆਰਬੰਦ ਫ਼ੌਜਾਂ ਮੌਜੂਦਾ ਰਫ਼ਤਾਰ ਨਾਲ ਘੱਟੋ-ਘੱਟ 6 ਮਹੀਨਿਆਂ ਤੱਕ ਚੱਲਣ ਵਾਲੇ ਭਿਆਨਕ ਜੰਗ ਨੂੰ ਜਾਰੀ ਰੱਖਣ ਦੇ ਕਾਬਲ ਹਨ | ਆਈ.ਆਰ.ਜੀ.ਸੀ. ਦੇ ਬੁਲਾਰੇ ਅਲੀ ਮੁਹੰਮਦ ਨੈਨੀ ਨੇ ਉਕਤ ਦਾਅਵਾ ਕਰਦਿਆਂ ਕਿਹਾ ਕਿ ਈਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਦੇ 200 ਤੋਂ ਵੱਧ ਟਿਕਾਣਿਆਂ 'ਤੇ ਹਮਲੇ ਕੀਤੇ ਹਨ | ਆਈ.ਆਰ.ਜੀ.ਸੀ. ਨੇ ਦਾਅਵਾ ਕੀਤਾ ਕਿ ਈਰਾਨ ਵਲੋਂ ਹੁਣ ਤੱਕ ਦਾਗੀਆਂ ਮਿਜ਼ਾਈਲਾਂ 'ਚ ਜ਼ਿਆਦਾਤਰ ਪਹਿਲੀ ਅਤੇ ਦੂਜੀ ਪੀੜੀ ਦੀਆਂ ਹਨ | ਉਨ੍ਹਾਂ ਕਿਹਾ ਕਿ ਜੰਗ ਦੇ ਅਗਲੇ ਪੜਾਅ 'ਚ ਹੋਰ ਉੱਨਤ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਜਾਵੇਗੀ |
ਸੁਪਰੀਮ ਲੀਡਰ ਦੀ ਚੋਣ ਕਰ ਲਈ ਗਈ-ਈਰਾਨੀ ਮੀਡੀਆ
ਈਰਾਨ ਦੀ 'ਐਸੰਬਲੀ ਆਫ਼ ਐਕਸਪਰਟਸ' ਦੇ ਮੈਂਬਰ ਅਹਿਮਦ ਆਲਮੋਲਹੋਦਾ ਨੇ ਦਾਅਵਾ ਕੀਤਾ ਹੈ ਕਿ ਈਰਾਂਨ ਦੇ ਅਗਲੇ ਨੇਤਾ ਦੀ ਚੋਣ ਹੋ ਚੁੱਕੀ ਹੈ | ਨਿਊਜ਼ ਏਜੰਸੀ 'ਮੇਹਰ' ਤੋਂ ਮਿਲੀ ਜਾਣਕਾਰੀ ਅਨੁਸਾਰ 'ਐਸੰਬਲੀ ਆਫ਼ ਐਕਸਪਰਟਸ' ਦੇ ਹੈੱਡ ਆਫ਼ ਸੈਕਟ੍ਰੀਏਟ ਹੁਸੈਨੀ ਬੁਸ਼ਹਰੀ ਇਸ ਫੈਸਲੇ ਨੂੰ ਜਨਤਕ ਕਰਨਗੇ | ਦੂਜੇ ਪਾਸੇ, ਇਜ਼ਰਾਈਲ ਦਾ ਕਹਿਣਾ ਹੈ ਕਿ ਜੋ ਵੀ ਨੇਤਾ ਚੁਣਿਆ ਜਾਵੇਗਾ, ਉਸ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ |
ਦੁਬਈ 'ਚ ਇਕ ਹੋਰ ਪਾਕਿ ਨਾਗਰਿਕ ਦੀ ਮੌਤ
ਦੁਬਈ ਵਿਚ ਮਿਜ਼ਾਈਲ ਦਾ ਮਲਬਾ ਇਕ ਵਾਹਨ 'ਤੇ ਡਿੱਗਣ ਕਾਰਨ ਇਕ ਪਾਕਿਸਤਾਨੀ ਡਰਾਈਵਰ ਦੀ ਮੌਤ ਹੋ ਗਈ | ਇਹ ਹਾਲ ਹੀ ਦੇ ਦਿਨਾਂ ਵਿਚ ਉਥੇ ਕਿਸੇ ਪਾਕਿਸਤਾਨੀ ਨਾਗਰਿਕ ਦੀ ਦੂਜੀ ਮੌਤ ਹੈ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੁਬਈ ਵਿਚ ਦੋ ਪਾਕਿਸਤਾਨੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ |
ਈਰਾਨ ਦੀ ਜਲ ਤੇ ਹਵਾਈ ਸੈਨਾ ਖ਼ਤਮ, ਫੈਕਟਰੀਆਂ ਨੂੰ ਉਡਾ ਦਿੱਤਾ, 42 ਜਹਾਜ਼ ਡੁੱਬ ਗਏ-ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਟੀ ਕੌਂਸਲ ਦੇ ਪ੍ਰਮੁੱਖ ਅਲੀ ਲਾਰੀਜਾਨੀ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ | ਲਾਰੀਜਾਨੀ ਨੇ ਕਿਹਾ ਸੀ ਕਿ ਈਰਾਨ 'ਤੇ ਹੋਏ ਅਮਰੀਕੀ-ਇਜ਼ਰਾਈਲੀ ਹਮਲੇ ਲਈ ਅਮਰੀਕਾ ਨੂੰ ਕੀਮਤ ਚੁਕਾਉਣੀ ਪਵੇਗੀ | ਟਰੰਪ ਨੇ ਇਕ ਇੰਟਰਵਿਊ ਦੌਰਾਨ ਉਕਤ ਦਾਅਵੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਹੀ ਹਾਰ ਚੁੱਕੇ ਹਨ | ਟਰੰਪ ਨੇ ਕਿਹਾ ਕਿ ਫੈਕਟਰੀਆਂ ਨੂੰ ਉਡਾਇਆ ਜਾ ਰਿਹਾ ਹੈ | ਉਨ੍ਹਾਂ ਦੀ ਜਲ ਸੈਨਾ ਖ਼ਤਮ ਹੋ ਚੁੱਕੀ ਹੈ | 6 ਦਿਨਾਂ 'ਚ 42 ਜਹਾਜ਼ ਡੁੱਬ ਗਏ | ਹਵਾਈ ਫ਼ੌਜ ਖ਼ਤਮ ਹੋ ਚੁੱਕੀ ਹੈ | ਉਨ੍ਹਾ ਦੀ ਫ਼ੌਜ ਦਾ ਹਰ ਹਿੱਸਾ ਖ਼ਤਮ ਹੋ ਚੁੱਕਾ ਹੈ |
ਪੋਪ ਵਲੋਂ ਸ਼ਾਂਤੀ ਦੀ ਅਪੀਲ
ਪੋਪ ਲੀਓ 14ਵੇਂ ਨੇ ਈਰਾਨ ਵਿਚ ਅਮਰੀਕਾ-ਇਜ਼ਰਾਈਲੀ ਯੁੱਧ ਨੂੰ ਖਤਮ ਕਰਨ ਅਤੇ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਟਕਰਾਅ ਪੂਰੇ ਮੱਧ ਪੂਰਬ ਵਿਚ ਫੈਲ ਰਿਹਾ ਹੈ ਅਤੇ ਨਫ਼ਰਤ ਤੇ ਡਰ ਦਾ ਮਾਹੌਲ ਸਿਰਜ ਰਿਹਾ ਹੈ | ਲੀਓ ਨੇ ਯੁੱਧ ਅਤੇ ਲਿਬਨਾਨ 'ਚ ਇਸ ਦੇ ਵਧਦੇ ਪ੍ਰਭਾਵ 'ਤੇ ਆਪਣੀ ਡੂੰਘੀ ਚਿੰਤਾ ਪ੍ਰਗਟ ਕੀਤੀ, ਜੋ ਕਿ ਮੁੱਖ ਤੌਰ 'ਤੇ ਮੁਸਲਿਮ ਖੇਤਰ 'ਚ ਈਸਾਈਆਂ ਦਾ ਗੜ੍ਹ ਹੈ |

Ad Position 22
No active advertisement
ਪਿਛਲੀ ਖ਼ਬਰ ਸਪੀਕਰ ਗੈਲਰੀ ਅਗਲੀ ਖ਼ਬਰ ਸੰਸਦ ਦੇ ਬਜਟ ਇਜਲਾਸ ਦਾ ਦੂਜਾ ਪੜਾਅ ਅੱਜ ਤੋਂ
Ad Position 24