ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੌਰਾਨ ਸਦਨ ਤੋਂ ਬਾਹਰ ਆ ਕੇ ਕਾਂਗਰਸ ਅਤੇ 'ਆਪ' ਵਿਧਾਇਕ ਤਿੱਖੀ ਬਹਿਸ ਕਰਦੇ ਦਿਖਾਈ ਦਿੱਤੇ | ਵਿਧਾਨ ਸਭਾ ਗੈਲਰੀ 'ਚ ਅੱਜ ਉਸ ਵੇਲੇ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਬਰਿੰਦਰਮੀਤ ਸਿੰਘ ਪਾਹੜਾ ਅਤੇ 'ਆਪ' ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਪੱਤਰਕਾਰਾਂ ਦੀ ਹਾਜ਼ਰੀ 'ਚ ਆਹਮੋ-ਸਾਹਮਣੇ ਹੋ ਗਏ | ਜਦੋਂ ਕਾਂਗਰਸੀ ਵਿਧਾਇਕ ਮੀਡੀਆ ਸਾਹਮਣੇ ਕਾਨੰੂਨ ਵਿਵਸਥਾ ਅਤੇ ਸਰਪੰਚ ਕਤਲ ਕਾਂਡ ਨੂੰ ਲੈ ਕੇ ਮੀਡੀਆ ਅੱਗੇ ਮੁੱਦਾ ਚੁੱਕ ਰਹੇ ਸਨ ਤਾਂ ਇਸ ਦੌਰਾਨ ਉਥੇ ਮੌਜੂਦ ਕੁਲਦੀਪ ਸਿੰਘ ਧਾਲੀਵਾਲ ਅਤੇ ਕਾਂਗਰਸ ਵਿਧਾਇਕਾਂ ਦੀ ਤਿੱਖੀ ਬਹਿਸ ਦੇਖਣ ਨੂੰ ਮਿਲੀ | ਧਾਲੀਵਾਲ ਉਨ੍ਹਾਂ ਨੂੰ ਇਹ ਕਹਿੰਦੇ ਨਜ਼ਰ ਆਏ ਕਿ ਤੁਸੀਂ ਬਾਹਰ ਕਿਉਂ ਆ ਗਏ, ਅੰਦਰ ਜਾ ਕੇ ਆਪਣੀ ਗੱਲ ਰੱਖੋ | ਇਸੇ ਤਰ੍ਹਾਂ ਜਦੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਸਦਨ ਵਿਚ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ, ਤਾਂ ਇਸੇ ਦੌਰਾਨ 'ਆਪ' ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਡਾ ਸਾਰਾ ਸਮਾਂ ਤਾਂ ਤੁਹਾਡੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਖਾ ਜਾਂਦੇ ਹਨ, ਜਿਸ ਦਾ ਗੁੱਸਾ ਤੁਸੀਂ ਸਾਡੇ 'ਤੇ ਉਤਾਰ ਰਹੇ ਹੋ ਅਤੇ ਦੋਵਾਂ ਵਿਧਾਇਕਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ ਤੇ ਆਪਸ ਵਿਚ ਉਲਝਦੇ ਦਿਖਾਈ ਦਿੱਤੇ | ਇਸੇ ਤਰ੍ਹਾਂ ਬੀਤੇ ਕੱਲ੍ਹ ਪ੍ਰਤਾਪ ਸਿੰਘ ਬਾਜਵਾ ਅਤੇ ਕੁਲਦੀਪ ਸਿੰਘ ਧਾਲੀਵਾਲ ਵੀ ਮੀਡੀਆ ਗੈਲਰੀ ਵਿਚ ਉਲਝ ਪਏ ਸਨ |