• 4 ਲੱਖ ਦੇ ਕਰੀਬ ਕਿਸਾਨਾਂ ਨੇ ਕੀਤੀ ਖੁਦਕੁਸ਼ੀ • ਆਂਧਰਾ ਪ੍ਰਦੇਸ਼, ਕੇਰਲ, ਪੰਜਾਬ ਸਭ ਤੋਂ ਵੱਧ ਕਰਜ਼ਾਈ
ਸੱਤਪਾਲ ਸਿੰਘ ਸਿਵੀਆਂ
ਬਠਿੰਡਾ, 10 ਮਾਰਚ-ਭਾਰਤ ਅੰਦਰ ਪਿਛਲੇ ਕੁਝ ਸਾਲਾਂ ਤੋਂ ਖੇਤੀਬਾੜੀ ਦਾ ਧੰਦਾ ਲਾਹੇਵੰਦ ਨਹੀਂ ਰਿਹਾ ਹੈ, ਜਿਸ ਕਾਰਨ ਦੇਸ਼ ਅੰਦਰ ਕਿਸਾਨਾਂ ਉੱਪਰ ਖੇਤੀਬਾੜੀ ਕਰਜ਼ੇ ਦਾ ਬੋਝ ਅਤੇ ਇਸ ਕਾਰਨ ਖੁਦਕੁਸ਼ੀਆਂ ਕਰਨ ਦਾ ਮਸਲਾ ਪਿਛਲੇ ਤਿੰਨ ਦਹਾਕਿਆਂ ਤੋਂ ਵੱਡਾ ਆਰਥਿਕ ਤੇ ਸਮਾਜਿਕ ਸੰਕਟ ਬਣਿਆ ਹੋਇਆ ਹੈ | ਕਰਜ਼ ਮੁਆਫ਼ੀਆਂ ਦੇ ਬਾਵਜੂਦ ਇਸ ਰੁਝਾਨ 'ਚ ਲਗਾਤਾਰ ਵਾਧਾ ਹੋ ਰਿਹਾ, ਜੋ ਖੇਤੀ ਪ੍ਰਧਾਨ ਮੁਲਕ ਦੇ ਮੱਥੇ 'ਤੇ 'ਕਲੰਕ' ਮੰਨਿਆ ਜਾ ਰਿਹਾ | ਰਾਸ਼ਟਰੀ ਅੰਕੜਾ ਵਿਭਾਗ ਵਲੋਂ ਦੇਸ਼ ਭਰ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਦਾ ਮੁਲਾਂਕਣ ਕਰਨ ਲਈ ਹਰ 10 ਸਾਲਾਂ ਬਾਅਦ ਕੀਤੇ ਜਾਣ ਵਾਲੇ ਸਾਲ 2019 ਵਿਚ ਕੀਤੇ ਗਏ 77ਵੇਂ ਸਰਵੇਖਣ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਹ ਬਹੁਤ ਹੀ ਚਿੰਤਾ ਕਰਨ ਵਾਲੇ ਹਨ, ਕਿਉਂਕਿ ਅੰਕੜਿਆਂ ਅਨੁਸਾਰ ਭਾਰਤ ਦੇ 50 ਫੀਸਦੀ ਤੋਂ ਵੱਧ ਕਿਸਾਨ ਪਰਿਵਾਰਾਂ ਉੱਪਰ ਸਾਢੇ 28 ਲੱਖ ਕਰੋੜ ਰੁਪਏ ਦਾ ਖੇਤੀਬਾੜੀ ਕਰਜ਼ ਬਕਾਇਆ ਖੜ੍ਹਾ ਹੈ | ਇਸ ਅਨੁਸਾਰ ਹਰ ਕਿਸਾਨ ਪਰਿਵਾਰ ਅÏਸਤਨ 74,121 ਰੁਪਏ ਦਾ ਕਰਜ਼ਾਈ ਹੈ, ਭਾਵ ਹਰ ਦੂਜਾ ਭਾਰਤੀ ਕਿਸਾਨ ਕਰਜ਼ੇ ਦੇ ਬੋਝ ਥੱਲੇ ਦੱਬਿਆ ਹੋਇਆ ਹੈ | ਸਭ ਤੋਂ ਵੱਧ ਕਰਜ਼ਾਈ ਆਂਧਰਾ ਪ੍ਰਦੇਸ਼, ਕੇਰਲਾ, ਪੰਜਾਬ ਦੇ ਕਿਸਾਨ ਅਤੇ ਸਭ ਤੋਂ ਘੱਟ ਨਾਗਾਲੈਂਡ, ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ਦੇ ਕਿਸਾਨ ਹਨ | ਇਹ ਅੰਕੜਾ ਸਿਰਫ਼ 2019 ਦੇ ਸਰਵੇਖਣ ਅਤੇ ਕਿਸਾਨਾਂ ਵਲੋਂ ਬੈਂਕਾਂ, ਸਹਿਕਾਰੀ ਖੇਤੀਬਾੜੀ ਸਭਾਵਾਂ ਅਤੇ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਲਏ ਗਏ ਖੇਤੀਬਾੜੀ ਕਰਜ਼ਿਆਂ ਦਾ ਹੈ ਜਦਕਿ ਕਿਸਾਨਾਂ ਵਲੋਂ ਆੜ੍ਹਤੀਆਂ ਅਤੇ ਸੂਦਖੋਰਾਂ ਤੋਂ ਲਿਆ ਜਾਣ ਵਾਲਾ ਕਰਜ਼ਾ ਵੱਖਰਾ ਹੈ, ਜਿਸ ਲਈ ਉੱਕਤ ਗਿਣਤੀ ਵਿਚ 2019 ਤੋਂ ਬਾਅਦ ਦੇ ਪਿਛਲੇ 5-6 ਸਾਲਾਂ ਦੌਰਾਨ ਹੋਇਆ ਵਾਧਾ ਇਸ ਗਿਣਤੀ ਨੂੰ ਹੋਰ ਗੰਭੀਰ ਬਣਾ ਸਕਦਾ ਹੈ | ਅੰਕੜੇ ਅਨੁਸਾਰ ਉੱਕਤ ਸਮੇਂ ਦੌਰਾਨ 4 ਲੱਖ ਦੇ ਕਰੀਬ ਕਿਸਾਨਾਂ ਨੇ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ, ਜਿਨ੍ਹਾਂ 'ਚ ਪਿਛਲੇ 5-6 ਸਾਲਾਂ ਦੌਰਾਨ ਹੋਰ ਵਾਧਾ ਹੋਇਆ ਹੈ | ਸਰਵੇਖਣ ਅਨੁਸਾਰ ਪ੍ਰਤੀ ਪਰਿਵਾਰ ਕਰਜ਼ੇ ਪੱਖੋਂ ਆਂਧਰਾ ਪ੍ਰਦੇਸ਼ ਪਹਿਲੇ ਸਥਾਨ 'ਤੇ ਹੈ, ਜਿਸ ਦੇ ਹਰ ਪਰਿਵਾਰ ਸਿਰ 2,45,554 ਰੁਪਏ ਦਾ ਕਰਜ਼ਾ ਹੈ, ਜਦਕਿ 2,42,482 ਰੁਪਏ ਪ੍ਰਤੀ ਪਰਿਵਾਰ ਪੱਖੋਂ ਕੇਰਲਾ ਦੂਸਰੇ ਅਤੇ 2,03,249 ਰੁਪਏ ਪ੍ਰਤੀ ਪਰਿਵਾਰ ਕਰਜ਼ੇ ਪੱਖੋਂ ਪੰਜਾਬ ਤੀਸਰੇ ਨੰਬਰ 'ਤੇ ਹੈ | ਇਸੇ ਤਰ੍ਹਾਂ ਹਰਿਆਣਾ 1,82,922 ਰੁਪਏ, ਤੇਲੰਗਾਨਾ 1,52,113 ਰੁਪਏ, ਤਮਿਲਨਾਡੂ 1,06,553 ਰੁਪਏ, ਕਰਨਾਟਕ 1,26,240 ਰੁਪਏ, ਰਾਜਸਥਾਨ 1,13,865 ਰੁਪਏ, ਅਰੁਣਾਚਲ ਪ੍ਰਦੇਸ਼ 3581, ਅਸਾਮ 16410, ਬਿਹਾਰ 23553, ਛਤੀਸਗੜ੍ਹ 21443, ਗੁਜਰਾਤ 56568, ਹਿਮਾਚਲ ਪ੍ਰਦੇਸ਼ 85825, ਜੰਮੂ ਕਸ਼ਮੀਰ 30435, ਝਾਰਖੰਡ 8415, ਮੱਧ ਪ੍ਰਦੇਸ਼ 74420, ਮਹਾਂਰਾਸ਼ਟਰ 82085, ਮਨੀਪੁਰ 5551, ਮੇਘਾਲਿਆ 2237, ਮਿਜ਼ੋਰਮ 23485, ਨਾਗਾਲੈਂਡ 1750, ਉਡੀਸਾ 32721, ਸਿੱਕਮ 32185, ਤਿ੍ਪੁਰਾ 23944, ਉੱਤਰਾਖੰਡ 48338, ਉੱਤਰ ਪ੍ਰਦੇਸ਼ 51107 ਅਤੇ ਪੱਛਮੀ ਬੰਗਾਲ 'ਚ 26452 ਰੁਪਏ ਪ੍ਰਤੀ ਪਰਿਵਾਰ ਕਰਜ਼ਾ ਹੈ | ਅੰਕੜਿਆਂ ਅਨੁਸਾਰ ਉਸ ਸਮੇਂ ਕਿਸਾਨ ਪਰਿਵਾਰ ਦੀ ਅÏਸਤ ਮਹੀਨਾਵਾਰ ਆਮਦਨ 10,218 ਰੁਪਏ ਦਰਜ ਕੀਤੀ ਗਈ ਸੀ, ਜਦਕਿ ਉਸ ਸਿਰ ਕਰਜ਼ਾ ਕਈ ਗੁਣਾਂ ਵੱਧ ਭਾਵ 74121 ਰੁਪਏ ਸੀ, ਜਿਸ ਲਈ ਕਈ ਪਰਿਵਾਰਾਂ ਨੂੰ ਸਾਲਾਂ ਦੀ ਆਮਦਨ ਦੇ ਬਰਾਬਰ ਇਹ ਕਰਜ਼ਾ ਢੋਣਾ ਪੈ ਰਿਹਾ ਹੈ | ਦੇਸ਼ ਅੰਦਰ ਕਿਸਾਨ ਕਰਜ਼ਾ ਅਤੇ ਖੁਦਕੁਸ਼ੀਆਂ ਗੰਭੀਰ ਮੁੱਦੇ ਬਣ ਚੁੱਕੇ ਹਨ | ਦੂਜੇ ਪਾਸੇ ਭਾਰਤ ਸਰਕਾਰ ਨੇ ਸਾਲ 2025-26 ਦਾ ਖੇਤੀਬਾੜੀ ਕਰਜ਼ ਦਾ ਟੀਚਾ ਵਧਾ ਕੇ ਬੇਸ਼ੱਕ 32.50 ਲੱਖ ਕਰੋੜ ਕਰ ਦਿੱਤਾ ਹੈ ਪਰ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇਣ ਵਰਗੀ ਕੋਈ ਯੋਜਨਾ ਤਿਆਰ ਨਹੀਂ ਕੀਤੀ ਹੈ |
ਦੇਸ਼ ਦੇ 50 ਫ਼ੀਸਦੀ ਤੋਂ ਵੱਧ ਕਿਸਾਨ ਪਰਿਵਾਰ 33 ਲੱਖ ਕਰੋੜ ਦੇ ਖੇਤੀ ਕਰਜ਼ੇ ਹੇਠਾਂ ਦੱਬੇ
ਅਜੀਤ ਡੈਸਕ
11-03-2026