ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 10 ਮਾਰਚ-ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦੀ ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਸੂਬੇ 'ਚ ਸਰਕਾਰੀ ਮੈਡੀਕਲ ਕਾਲਜਾਂ ਦੇ ਮੁੱਦੇ 'ਤੇ ਜ਼ਬਰਦਸਤ ਹੰਗਾਮਾ ਹੋਇਆ | ਇਸ ਦੌਰਾਨ ਸੰਬੰਧਿਤ ਮਾਮਲੇ 'ਚ ਜਵਾਬ ਦੇਣ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਲੇ ਤਿੱਖੀ ਬਹਿਸ ਹੋਈ | ਅਮਨ ਅਰੋੜਾ ਨੇ ਕਿਹਾ ਕਿ ਉਂਗਲੀ ਦਿਖਾ ਕੇ ਗੱਲ ਨਾ ਕਰੋ ਸਾਨੂੰ ਤੁਸੀਂ ਨਹੀਂ ਦੱਸੋਗੇ ਕੇ ਸਦਨ 'ਚ ਕੌਣ ਬੋਲੇਗਾ ਕੌਣ ਨਹੀਂ | ਇਸ ਦੌਰਾਨ ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਬਰਿੰਦਰ ਕੁਮਾਰ ਗੋਇਲ ਅਤੇ ਪ੍ਰਤਾਪ ਸਿੰਘ ਬਾਜਵਾ, ਤਿ੍ਪਤ ਰਜਿੰਦਰ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਚੱਲਦੀ ਰਹੀ, ਚੱਲਦੇ ਸਦਨ 'ਚ ਭਾਰੀ ਰੌਲਾ-ਰੱਪਾ ਪਿਆ ਰਿਹਾ | ਅਸਲ ਵਿਚ ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਕਾਂਗਰਸ ਦੇ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਸਿਹਤ ਮੰਤਰੀ ਤੋਂ ਪੰਜਾਬ ਵਿਚ ਬਣਾਏ ਮੈਡੀਕਲ ਕਾਲਜਾਂ ਦੀ ਜਾਣਕਾਰੀ ਬਾਰੇ ਸਵਾਲ ਕੀਤਾ ਸੀ | ਇਸ ਮੌਕੇ ਜਦੋਂ ਸਿਹਤ ਮੰਤਰੀ ਨੇ ਇਸ ਦੀ ਜਾਣਕਾਰੀ ਸਦਨ 'ਚ ਦਿੱਤੀ ਤਾਂ ਤਿ੍ਪਤ ਰਜਿੰਦਰ ਸਿੰਘ ਬਾਜਵਾ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ 'ਤੇ ਇਤਰਾਜ਼ ਜਤਾਇਆ ਕਿ ਸਿਹਤ ਮੰਤਰੀ ਸਦਨ ਵਿਚ ਸਰਕਾਰੀ ਕਾਲਜ ਦੀ ਜਗ੍ਹਾ ਨਿੱਜੀ ਮੈਡੀਕਲ ਕਾਲਜਾਂ ਦੀ ਜਾਣਕਾਰੀ ਦੇ ਰਹੇ ਹਨ, ਜਦੋਂਕਿ ਸਰਕਾਰੀ ਮੈਡੀਕਲ ਕਾਲਜਾਂ ਬਾਰੇ ਜਾਣਕਾਰੀ ਮੰਗੀ ਗਈ ਹੈ | ਇਸ 'ਤੇ ਵਿਚ ਵਿਚਾਲੇ ਕੈਬਨਿਟ ਮੰਤਰੀ ਅਮਨ ਅਰੋੜਾ ਜਵਾਬ ਦੇਣ ਲੱਗੇ ਤਾਂ ਪ੍ਰਤਾਪ ਸਿੰਘ ਬਾਜਵਾ ਭੜਕ ਗਏ ਅਤੇ ਕਹਿਣ ਲੱਗੇ ਕਿ ਜਦੋਂ ਸਿਹਤ ਮੰਤਰੀ ਬਲਬੀਰ ਸਿੰਘ ਸਦਨ ਵਿਚ ਹਾਜ਼ਰ ਹਨ ਤਾਂ ਅਮਨ ਅਰੋੜਾ ਜਵਾਬ ਕਿਸ ਤਰ੍ਹਾਂ ਦੇ ਸਕਦੇ ਹਨ, ਜਿਸ ਨੂੰ ਲੈ ਕੇ ਤਿੱਖੀ ਬਹਿਸ ਸ਼ੁਰੂ ਹੋ ਗਈ | ਭਾਰੀ ਰੌਲਾ-ਰੱਪਾ ਪੈਂਦਾ ਰਿਹਾ ਅਤੇ ਵਿਚ-ਵਿਚਾਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਸ ਸੰਬੰਧੀ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਨ ਅਰੋੜਾ ਸਦਨ ਵਿਚ ਇਸ ਸਵਾਲ ਦੇ ਜਵਾਬ ਵਿਚ ਬੋਲ ਸਕਦੇ ਹਨ ਪਰ ਪ੍ਰਤਾਪ ਸਿੰਘ ਬਾਜਵਾ ਨੇ ਤਰਕ ਦਿੱਤਾ ਕਿ ਇਹ ਨਿਯਮਾਂ ਵਿਚ ਨਹੀਂ ਹੈ, ਜਿਸ 'ਤੇ ਗੱਲ ਹੋਰ ਵਧ ਗਈ ਅਤੇ ਦੋਵੇਂ ਧਿਰਾਂ ਵਿਚ ਤਿੱਖੀ ਬਹਿਸ ਸ਼ੁਰੂ ਹੋ ਗਈ | ਅਮਨ ਅਰੋੜਾ ਨੇ ਸਪੀਕਰ ਨੂੰ ਕਿਹਾ ਕਿ ਵਿਰੋਧੀ ਕਾਂਗਰਸ ਦੇ ਨੇਤਾ ਉਂਗਲੀ ਦਿਖਾ ਕੇ ਗੱਲ ਕਰ ਰਹੇ ਹਨ ਅਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਦਨ ਵਿਚ ਵਿਰੋਧੀ ਧਿਰ ਸਾਨੂੰ ਨਹੀਂ ਦੱਸੇਗੀ ਕਿ ਕੌਣ ਬੋਲੇਗਾ ਅਤੇ ਕੌਣ ਨਹੀਂ ਬੋਲੇਗਾ | ਇਸ ਦੌਰਾਨ ਵਿਚ-ਵਿਚਾਲੇ ਸਪੀਕਰ ਮਾਮਲੇ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਮਾਮਲਾ ਗਰਮਾਇਆ ਰਿਹਾ ਅਤੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਅਤੇ ਰੌਲਾ ਰੱਪਾ ਜਾਰੀ ਰਿਹਾ | ਇਸੇ ਰੌਲ-ਰੱਪੇ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਦਨ ਵਿਚ ਗਾਲੀ-ਗਲੋਚ ਅਤੇ ਬਦਮਾਸ਼ੀ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਚੀਮਾ ਨੇ ਕਿਹਾ ਕਿ ਜਦੋਂ ਤੱਕ ਪ੍ਰਤਾਪ ਸਿੰਘ ਬਾਜਵਾ ਭੱਦੀ ਸ਼ਬਦਾਵਲੀ ਵਰਤਣ ਅਤੇ ਗਾਲੀ-ਗਲੋਚ ਕਰਨ ਲਈ ਮੁਆਫ਼ੀ ਨਹੀਂ ਮੰਗਦੇ ਕਾਰਵਾਈ ਅੱਗੇ ਨਹੀਂ ਚੱਲੇਗੀ | ਹਾਲਾਂਕਿ, ਸਪੀਕਰ ਨੇ ਕਿਹਾ ਕਿ ਕਿਸੇ ਨੇ ਗਾਲ ਨਹੀਂ ਕੱਢੀ ਪਰ ਭਾਰੀ ਰੌਲਾ ਰੱਪਾ ਜਾਰੀ ਰਿਹਾ | ਸਪੀਕਰ ਦੋਵੇਂ ਧਿਰਾ ਨੂੰ ਲਗਾਤਾਰ ਬੈਠਣ ਅਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦੇ ਰਹੇ ਅਤੇ ਅਖੀਰ ਵਿਚ ਸਪੀਕਰ ਨੇ ਆਪਣੀ ਸੀਟ ਤੋਂ ਖੜੇ ਹੋ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ | ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਸਾਡੀ ਸਰਕਾਰ ਦੇ ਬਣਾਏ ਹਸਪਤਾਲਾਂ ਦੀ ਗੱਲ ਕਰਦੇ ਹਨ, ਜਦਕਿ ਕਾਂਗਰਸ ਦੀ ਸਰਕਾਰ ਵੇਲੇ ਪੰਜ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਇਕ ਵੀ ਨਹੀਂ ਬਣਾਇਆ ਗਿਆ | ਤਿ੍ਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਮੈਂ ਸਰਕਾਰੀ ਮੈਡੀਕਲ ਕਾਲਜ ਬਾਰੇ ਪੁੱਛਿਆ ਸੀ ਪਰ ਇਹ ਪ੍ਰਾਈਵੇਟ ਕਾਲਜਾਂ ਦੀ ਗੱਲ ਕਰ ਰਹੇ ਹਨ | ਸਿਹਤ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ਨੂੰ ਵੀ ਸਰਕਾਰ ਵਲੋਂ ਮਦਦ ਦਿੱਤੀ ਜਾਂਦੀ ਹੈ | ਇਸ 'ਤੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਸਿਰਫ਼ ਆਪਣੇ ਬਣਾਏ ਮੈਡੀਕਲ ਕਾਲਜਾਂ ਦੀ ਗੱਲ ਕਰਨ | ਇਸ ਦੌਰਾਨ ਮੰਤਰੀ ਅਮਨ ਅਰੋੜਾ ਜਵਾਬ ਦੇਣ ਲਈ ਖੜੇ ਹੋਏ ਤਾਂ ਬਾਜਵਾ ਨੇ ਵਿਰੋਧ ਕਰਦਿਆਂ ਕਿਹਾ ਕਿ ਇਸ ਦਾ ਜਵਾਬ ਸਿਰਫ਼ ਸਿਹਤ ਮੰਤਰੀ ਹੀ ਦੇ ਸਕਦੇ ਹਨ, ਕੋਈ ਹੋਰ ਮੰਤਰੀ ਜਾਂ ਪਾਰਟੀ ਪ੍ਰਧਾਨ ਨਹੀਂ | ਇਸ 'ਤੇ ਸਪੀਕਰ ਨੇ ਸੰਵਿਧਾਨ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕਿਸੇ ਵੀ ਮਾਮਲੇ ਲਈ ਸਾਰੇ ਮੰਤਰੀ ਜਵਾਬਦੇਹ ਹੁੰਦੇ ਹਨ ਅਤੇ ਜਵਾਬ ਦੇ ਸਕਦੇ ਹਨ |
ਵਿਧਾਨ ਸਭਾ 'ਚ ਸਰਕਾਰੀ ਮੈਡੀਕਲ ਕਾਲਜਾਂ ਦੇ ਮੁੱਦੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ
ਅਜੀਤ ਡੈਸਕ
11-03-2026