16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਅਫ਼ਗਾਨ ਤਾਲਿਬਾਨ ਚੌਕੀਆਂ ਨੂੰ ਤਬਾਹ ਕਰਨ ਦਾ ਦਾਅਵਾ <br/>

Ad Position 21
No active advertisement
ਅਜੀਤ ਡੈਸਕ 11-03-2026

ਕਿਹਾ, ਸਰਹੱਦੀ ਚੌਕੀਆਂ 'ਤੇ ਹਮਲੇ ਤੋਂ ਬਾਅਦ ਅਫ਼ਗਾਨ ਤਾਲਿਬਾਨ ਅਤੇ ਅੱਤਵਾਦੀ ਭੱਜੇ
ਅੰਮਿ੍ਤਸਰ, 10 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਜਾਰੀ ਝੜਪਾਂ ਦੌਰਾਨ ਦੋਵਾਂ ਪਾਸਿਆਂ ਤੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ | ਇਸ ਸਭ ਦੇ ਚੱਲਦਿਆਂ ਪਾਕਿਸਤਾਨੀ ਹਥਿਆਰਬੰਦ ਬਲਾਂ ਨੇ ਆਪ੍ਰੇਸ਼ਨ ਗ਼ਜ਼ਬ ਲਿਲ-ਹੱਕ ਦੇ ਤਹਿਤ ਅਫ਼ਗਾਨ ਤਾਲਿਬਾਨ ਅਤੇ ਫ਼ਿਤਨਾ ਅਲ-ਖਵਾਰੀਜ ਦੇ ਤੱਤਾਂ ਵਿਰੁੱਧ ਜ਼ਮੀਨੀ ਅਤੇ ਹਵਾਈ ਕਾਰਵਾਈਆਂ ਕਰਨ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਸੁਰੱਖਿਆ ਬਲਾਂ ਨੇ ਚੱਲ ਰਹੇ ਆਪ੍ਰੇਸ਼ਨ ਦੌਰਾਨ ਅਫ਼ਗਾਨਿਸਤਾਨ ਦੇ ਪਕਤਿਕਾ ਪ੍ਰਾਂਤ 'ਚ ਸ਼ਾਹੀਨ ਬੇਸ 'ਤੇ ਗੋਲਾ ਬਾਰੂਦ ਡੀਪੂਆਂ ਨੂੰ ਤਬਾਹ ਕਰ ਦਿੱਤਾ | ਇਸ ਤੋਂ ਇਲਾਵਾ ਪਾਕਿਸਤਾਨੀ ਫ਼ੌਜ ਨੇ ਦੱਖਣੀ ਵਜ਼ੀਰਸਤਾਨ ਦੇ ਨਾਲ ਲੱਗਦੇ ਸ਼ਾਵਲ ਖੇਤਰ ਦੇ ਨੇੜੇ ਅਫ਼ਗਾਨ ਤਾਲਿਬਾਨ ਦੀ ਇਕ ਚੌਕੀ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ | ਪਾਕਿ ਨੇ ਇਹ ਵੀ ਦਾਅਵਾ ਕੀਤਾ ਕਿ ਉਕਤ ਕਾਰਵਾਈ ਨੇ ਅਫ਼ਗਾਨ ਤਾਲਿਬਾਨ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨਾਲ ਸੰਬੰਧਿਤ ਅੱਤਵਾਦੀਆਂ ਨੂੰ ਇਲਾਕੇ ਤੋਂ ਭੱਜਣ ਲਈ ਮਜਬੂਰ ਕਰ ਦਿੱਤਾ | ਅੱਤਵਾਦੀਆਂ ਵਲੋਂ ਵਰਤੀ ਗਈ ਚੌਕੀ ਨੂੰ ਬਾਅਦ 'ਚ ਕਾਰਵਾਈ ਦੌਰਾਨ ਵਿਸਫੋਟਕ ਸਮਗਰੀ ਨਾਲ ਤਬਾਹ ਕਰ ਦਿੱਤਾ ਗਿਆ | ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅਰੰਦੂ ਅਤੇ ਕੁਰਮ ਸੈਕਟਰਾਂ 'ਚ ਵੀ ਜਾਰੀ ਕਾਰਵਾਈ ਦੌਰਾਨ ਕਈ ਮੁੱਖ ਚੌਕੀਆਂ ਅਤੇ ਸੰਚਾਲਨ ਕੇਂਦਰਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ |
ਇਸ ਦੌਰਾਨ ਅਫ਼ਗਾਨ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਪਾਕਿਸਤਾਨ ਵਿਰੁੱਧ ਜੰਗੀ ਮੈਦਾਨ 'ਚ ਜਿੱਤ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਅਗਾਂਹ ਪਾਕਿਸਤਾਨੀ ਫ਼ੌਜ ਅਫ਼ਗਾਨਿਸਤਾਨ ਦੇ ਖੇਤਰਾਂ 'ਚ ਹਮਲਾ ਕਰਨ ਤੋਂ ਪਹਿਲਾਂ ਘੱਟੋ-ਘੱਟ 100 ਵਾਰ ਸੋਚੇਗੀ | ਇਸ ਦੇ ਬਾਅਦ ਪਾਕਿ ਦੇ ਸੰਘੀ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਅਫ਼ਗਾਨ ਰੱਖਿਆ ਮੰਤਰਾਲੇ ਦੇ ਬੁਲਾਰੇ ਦੇ ਦਾਅਵਿਆਂ ਨੂੰ ਰੱਦ ਕਰ ਕਰਦਿਆਂ ਇਸ ਨੂੰ 'ਸਿਰਫ਼ ਪ੍ਰਚਾਰ' ਦੱਸਿਆ | ਵਿਦੇਸ਼ੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੰਤਰੀ ਨੇ ਅਫ਼ਗਾਨ ਤਾਲਿਬਾਨ ਪ੍ਰਸ਼ਾਸਨ ਅਤੇ ਅਫ਼ਗਾਨਿਸਤਾਨ 'ਚ ਸੰਯੁਕਤ ਰਾਸ਼ਟਰ ਮਿਸ਼ਨ ਦੁਆਰਾ ਕਥਿਤ ਨਾਗਰਿਕ ਮੌਤਾਂ ਬਾਰੇ ਰਿਪੋਰਟਾਂ ਨੂੰ ਵੀ ਖ਼ਾਰਜ ਕਰ ਦਿੱਤਾ | ਤਰਾਰ ਨੇ ਕਿਹਾ ਕਿ ਕਾਬੁਲ ਸਥਿਤ ਸੰਯੁਕਤ ਰਾਸ਼ਟਰ ਏਜੰਸੀ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਤਾਲਿਬਾਨ ਸਰਕਾਰ ਦੇ ਅੰਕੜਿਆਂ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ | ਉਨ੍ਹਾਂ ਨੇ ਅੱਗੇ ਕਿਹਾ ਕਿ ਪਾਕਿ ਨੇ ਅਫ਼ਗਾਨਿਸਤਾਨ ਵਿਚ ਕਿਸੇ ਵੀ ਨਾਗਰਿਕ ਖੇਤਰ ਨੂੰ ਨਿਸ਼ਾਨਾ ਨਹੀਂ ਬਣਾਇਆ ਅਤੇ ਸਾਡੀਆਂ ਕਾਰਵਾਈਆਂ ਅੱਤਵਾਦੀ ਟਿਕਾਣਿਆਂ ਬਾਰੇ ਖ਼ੁਫ਼ੀਆ ਜਾਣਕਾਰੀ 'ਤੇ ਆਧਾਰਿਤ ਹਨ |
ਵਿਵਾਦਾਂ ਨੂੰ ਸੁਲਝਾਉਣ ਲਈ ਪਾਕਿ ਵਫ਼ਦ ਪਹੁੰਚਿਆ ਕਾਬੁਲ

ਅਫ਼ਗਾਨ ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿਸਤਾਨ-ਅਫ਼ਗਾਨਿਸਤਾਨ ਵਿਵਾਦਾਂ ਨੂੰ ਸੁਲਝਾਉਣ ਅਤੇ ਕਾਬੁਲ-ਇਸਲਾਮਾਬਾਦ ਵਿਚਕਾਰ ਹਾਲ ਹੀ 'ਚ ਹੋਏ ਤਣਾਅ ਨੂੰ ਘਟਾਉਣ ਦੇ ਤਰੀਕੇ ਲੱਭਣ ਲਈ ਮੌਲਾਨਾ ਫਜ਼ਲੁਰ ਰਹਿਮਾਨ ਖਲੀਲ ਦੀ ਅਗਵਾਈ 'ਚ ਪਾਕਿ ਤੋਂ ਤਿੰਨ ਮੈਂਬਰੀ ਵਫ਼ਦ ਮੰਗਲਵਾਰ ਨੂੰ ਕਾਬੁਲ ਪਹੁੰਚਿਆ, ਵਫ਼ਦ 'ਚ ਮੌਲਾਨਾ ਅਬਦੁੱਲਾ ਸ਼ਾਹ ਮਜ਼ਹਰ ਅਤੇ ਮੌਲਾਨਾ ਸੱਯਾਦ ਉਸਮਾਨ ਵੀ ਸ਼ਾਮਿਲ ਹਨ | ਦੱਸਣਯੋਗ ਹੈ ਕਿ ਖਲੀਲ ਅੱਤਵਾਦੀ ਪਾਕਿਸਤਾਨੀ ਅੱਤਵਾਦੀ ਆਗੂ ਹੈ, ਜਿਸ ਨੇ ਹਰਕਤ-ਉਲ-ਮੁਜਾਹਿਦੀਨ ਦੀ ਸਥਾਪਨਾ ਕੀਤੀ ਸੀ | ਉਸ 'ਤੇ ਇੰਡੀਅਨ ਏਅਰਲਾਈਨਜ਼ ਫਲਾਈਟ 814 ਨੂੰ ਹਾਈਜੈਕ ਕਰਨ ਦੀ ਸਾਜ਼ਿਸ਼ ਰਚਣ ਦਾ ਵੀ ਸ਼ੱਕ ਸੀ |

Ad Position 22
No active advertisement
ਪਿਛਲੀ ਖ਼ਬਰ ਜੰਗ ਜਲਦੀ ਖ਼ਤਮ ਹੋਣ ਦੇ ਆਸਾਰ-ਟਰੰਪ ਅਗਲੀ ਖ਼ਬਰ ਪੰਜਾਬ ਮਹਿਲਾ ਕਮਿਸ਼ਨ ਵਲੋਂ ਸੁਖਪਾਲ ਸਿੰਘ ਖਹਿਰਾ ਤਲਬ <br/>
Ad Position 24