• ਕਿਹਾ, ਅਮਰੀਕਾ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਤੱਕ ਕਾਰਵਾਈ ਜਾਰੀ ਰੱਖੇਗਾ • ਇਕ ਵੀ ਵਿਅਕਤੀ ਨਹੀਂ ਬਚੇਗਾ-ਈਰਾਨ
ਸਾਨ ਫਰਾਂਸਿਸਕੋ/ਤਹਿਰਾਨ/ਦੁਬਈ, 2 ਅਪ੍ਰੈਲ (ਐਸ. ਅਸ਼ੋਕ ਭੌਰਾ, ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਅਗਲੇ ਤਿੰਨ ਹਫ਼ਤਿਆਂ 'ਚ ਕੋਈ ਸ਼ਾਂਤੀ ਸਮਝੌਤਾ ਨਹੀਂ ਹੁੰਦਾ ਹੈ ਤਾਂ ਈਰਾਨ ਨੂੰ ਪੱਥਰ ਯੁੱਗ 'ਚ ਪਹੁੰਚਾ ਦਿੱਤਾ ਜਾਵੇਗਾ | ਈਰਾਨ ਵਿਰੁੱਧ ਜੰਗ, ਜਿਸ ਨੂੰ ਅਮਰੀਕੀ ਫ਼ੌਜਾਂ ਨੇ ਆਪ੍ਰੇਸ਼ਨ 'ਐਪਿਕ ਫਿਊਰੀ' ਦਾ ਨਾਂਅ ਦਿੱਤਾ ਹੈ, ਸੰਬੰਧੀ ਪਹਿਲੀ ਵਾਰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਆਪਣੇ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਪ੍ਰਾਪਤ ਹੋਣ ਤੱਕ ਕਾਰਵਾਈਆਂ ਜਾਰੀ ਰੱਖੇਗਾ | ਅਸੀਂ ਅਗਲੇ ਦੋ ਤੋਂ ਤਿੰਨ ਹਫ਼ਤਿਆਂ 'ਚ ਉਨ੍ਹਾਂ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾਉਣ ਜਾ ਰਹੇ ਹਾਂ | ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਅਮਰੀਕਾ ਉਨ੍ਹਾਂ ਦੇ ਹਰ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਅਤੇ ਸ਼ਾਇਦ ਇਕੋ ਸਮੇਂ ਸਾਰਿਆਂ ਨੂੰ ਉਡਾ ਦੇਵੇਗਾ | ਦੂਜੇ ਪਾਸੇ, ਈਰਾਨ ਦੀ ਫ਼ੌਜ ਦੇ ਕਮਾਂਡਰ-ਇਨ-ਚੀਫ਼ ਅਮੀਰ ਹਤਾਮੀ ਨੇ ਆਪਣੀ ਫ਼ੌਜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਦੁਸ਼ਮਣ ਜ਼ਮੀਨੀ ਕਾਰਵਾਈ ਸ਼ੁਰੂ ਕਰਦਾ ਹੈ ਤਾਂ ਇਕ ਵੀ ਵਿਅਕਤੀ ਬਚਣਾ ਨਹੀਂ ਚਾਹੀਦਾ | ਈਰਾਨ ਦੀ ਫ਼ੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਇਬਰਾਹਿਮ ਜ਼ੋਲਫਾਘਾਰੀ ਨੇ ਕਿਹਾ ਕਿ ਸਾਡੇ ਕੋਲ ਹਥਿਆਰ, ਗੋਲਾ-ਬਾਰੂਦ ਅਤੇ ਉਤਪਾਦਨ ਸਹੂਲਤਾਂ ਦੇ ਲੁਕਵੇਂ ਭੰਡਾਰ ਮੌਜੂਦ ਹਨ | ਉਨ੍ਹਾਂ ਕਿਹਾ ਕਿ ਹੁਣ ਤੱਕ ਅਮਰੀਕੀ ਹਮਲਿਆਂ ਵਲੋਂ ਨਿਸ਼ਾਨਾ ਬਣਾਈਆਂ ਗਈਆਂ ਸਹੂਲਤਾਂ ਮਾਮੂਲੀ ਹਨ | ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਕਾਲੀਬਾਫ ਨੇ ਵੀ ਦਾਅਵਾ ਕੀਤਾ ਕਿ 70 ਲੱਖ ਈਰਾਨੀ ਇਸਲਾਮੀ ਗਣਰਾਜ 'ਤੇ ਕਿਸੇ ਵੀ ਅਮਰੀਕੀ ਜ਼ਮੀਨੀ ਹਮਲੇ ਨਾਲ ਲੜਨ ਲਈ ਤਿਆਰ ਹਨ | ਸਰਕਾਰ ਨੇ ਸਾਬਕਾ ਫ਼ੌਜੀਆਂ ਅਤੇ ਲੋਕਾਂ ਨੂੰ ਸਵੈ-ਇੱਛਾ ਨਾਲ ਫ਼ੌਜ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ, ਜਦੋਂਕਿ ਅਰਧ ਸੈਨਿਕ ਰੈਵੋਲਿਊਸ਼ਨਰੀ ਗਾਰਡ ਦੀ ਪੂਰੀ ਤਰ੍ਹਾ ਸਵੈ-ਸੇਵਕ ਬਾਸੀਜ ਫੋਰਸ ਨੇ 12 ਸਾਲ ਦੀ ਉਮਰ ਦੇ ਬੱਚਿਆਂ ਨੂੰ ਆਪਣੇ 'ਚ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਆਪਣੇ ਸੰਬੋਧਨ ਦੌਰਾਨ ਟਰੰਪ ਨੇ ਇਹ ਵੀ ਕਿਹਾ ਕਿ 'ਸਟ੍ਰੇਟ ਆਫ਼ ਹੋਰਮੁਜ਼' ਟਕਰਾਅ ਤੋਂ ਬਾਅਦ ਆਪਣੇ ਆਪ ਹੀ ਦੁਬਾਰਾ ਖੁੱਲ੍ਹ ਜਾਵੇਗਾ | ਟਰੰਪ ਵਲੋਂ ਫਾਰਸ ਦੀ ਖਾੜੀ ਤੋਂ ਤੇਲ ਪ੍ਰਾਪਤ ਕਰਨ ਵਾਲੇ ਦੇਸ਼ਾਂ ਦੀ ਆਲੋਚਨਾ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਜੋ ਦੇਸ਼ 'ਸਟ੍ਰੇਟ ਆਫ਼ ਹੋਰਮੁਜ਼' ਤੋਂ ਤੇਲ ਪ੍ਰਾਪਤ ਨਹੀਂ ਕਰ ਸਕਦੇ ਉਹ ਅਮਰੀਕਾ ਤੋਂ ਪ੍ਰਾਪਤ ਕਰ ਸਕਦੇ ਹਨ | ਟਰੰਪ ਨੇ ਈਰਾਨ ਦੇ ਅਮੀਰ ਯੂਰੇਨੀਅਮ ਭੰਡਾਰ ਸੰਬੰਧੀ ਕਿਹਾ ਕਿ ਇਹ ਸਾਡੀ ਸੈਟੇਲਾਈਟ ਨਿਗਰਾਨੀ ਅਧੀਨ ਹੈ | ਈਰਾਨੀ ਸ਼ਾਸਨ ਬਾਰੇ ਟਰੰਪ ਨੇ ਕਿਹਾ ਕਿ ਸ਼ਾਸਨ ਤਬਦੀਲੀ ਸਾਡਾ ਟੀਚਾ ਨਹੀਂ ਸੀ, ਅਸੀਂ ਕਦੇ ਇਹ ਨਹੀਂ ਕਿਹਾ, ਪਰ ਸ਼ਾਸਨ 'ਚ ਤਬਦੀਲੀ ਆਈ ਹੈ | ਉਨ੍ਹਾਂ ਦੇ ਜ਼ਿਆਦਾਤਰ ਨੇਤਾ ਮਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਦੀ ਕਮਾਂਡ ਅਤੇ ਕੰਟਰੋਲ ਖਤਮ ਹੋ ਗਿਆ ਹੈ ਜਾਂ ਖਤਮ ਹੋ ਰਿਹਾ ਹੈ | ਨਵਾਂ ਸਮੂਹ ਘੱਟ ਕੱਟੜਪੰਥੀ ਅਤੇ ਬਹੁਤ ਜ਼ਿਆਦਾ ਤਰਕਸੰਗਤ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਨੇ ਈਰਾਨ ਦੇ ਤੇਲ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ, ਭਾਵੇਂ ਇਹ ਇਕ ਆਸਾਨ ਨਿਸ਼ਾਨਾ ਸੀ | ਟਰੰਪ ਨੇ ਈਰਾਨੀ ਸ਼ਾਸਨ 'ਤੇ ਕੂਟਨੀਤਕ ਯਤਨਾਂ ਨੂੰ ਰੱਦ ਕਰਦੇ ਹੋਏ ਪ੍ਰਮਾਣੂ ਹਥਿਆਰਾਂ ਦੀ ਭਾਲ ਜਾਰੀ ਰੱਖਣ ਦਾ ਦੋਸ਼ ਲਗਾਇਆ | ਉਨ੍ਹਾਂ ਦਾ ਆਪਣੇ ਪ੍ਰੋਗਰਾਮ ਨੂੰ ਛੱਡਣ ਦਾ ਕੋਈ ਇਰਾਦਾ ਨਹੀਂ ਸੀ | ਉਹ ਤੇਜ਼ੀ ਨਾਲ ਰਵਾਇਤੀ ਅਤੇ ਬੈਲਿਸਟਿਕ ਮਿਜ਼ਾਈਲਾਂ ਦਾ ਭੰਡਾਰ ਵੀ ਬਣਾ ਰਹੇ ਸਨ, ਜਿਸ ਦੀ ਦੂਰੀ ਸਭ ਤੋਂ ਲੰਬੀ ਹੋ ਸਕਦੀ ਹੈ | ਟਰੰਪ ਨੇ ਕਿਹਾ ਕਿ ਅਮਰੀਕਾ ਸਾਲਾਂ ਤੱਕ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ 'ਚ ਸ਼ਾਮਿਲ ਸੀ | ਉਨ੍ਹਾਂ ਕਿਹਾ ਕਿ ਆਪ੍ਰੇਸ਼ਨ 'ਐਪਿਕ ਫਿਊਰੀ' ਅਮਰੀਕਾ ਦੀ ਸੁਰੱਖਿਆ ਅਤੇ ਆਜ਼ਾਦ ਦੁਨੀਆ ਦੀ ਸੁਰੱਖਿਆ ਲਈ ਜ਼ਰੂਰੀ ਸੀ | ਉਨ੍ਹਾਂ ਨੇ ਗੈਸ ਦੀਆਂ ਵਧਦੀਆਂ ਕੀਮਤਾਂ ਬਾਰੇ ਅਮਰੀਕੀਆਂ 'ਚ ਚਿੰਤਾਵਾਂ ਨੂੰ ਵੀ ਸਵੀਕਾਰ ਕੀਤਾ | ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਗੈਸ ਦੀਆਂ ਕੀਮਤਾਂ 'ਚ ਹਾਲ ਹੀ 'ਚ ਵਾਧਾ ਪੂਰੀ ਤਰ੍ਹਾਂ ਈਰਾਨੀ ਸ਼ਾਸਨ ਵਲੋਂ ਵਪਾਰਕ ਤੇਲ ਟੈਂਕਰਾਂ ਅਤੇ ਗੁਆਂਢੀ ਦੇਸ਼ਾਂ 'ਤੇ ਹਮਲੇ ਕਰਨ ਦਾ ਨਤੀਜਾ ਹੈ, ਜਿਨ੍ਹਾਂ ਦਾ ਟਕਰਾਅ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਰਾਸ਼ਟਰਪਤੀ ਟਰੰਪ ਦੇ ਭਾਸ਼ਨ ਤੋਂ ਤੁਰੰਤ ਬਾਅਦ ਈਰਾਨ ਵਲੋਂ ਇਜ਼ਰਾਈਲ ਅਤੇ ਖਾੜੀ ਦੇ ਆਪਣੇ ਗੁਆਂਢੀ ਦੇਸ਼ਾਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇਕ ਵਾਰ ਫਿਰ ਹਮਲਾ ਕੀਤਾ ਗਿਆ, ਜਦੋਂਕਿ ਇਜ਼ਰਾਈਲ ਦੇ ਵੀ ਈਰਾਨ ਅਤੇ ਲਿਬਨਾਨ 'ਚ ਹਵਾਈ ਹਮਲੇ ਜਾਰੀ ਹਨ
ਮੌਤਾਂ ਦਾ ਅੰਕੜਾ 5 ਹਜ਼ਾਰ ਤੋਂ ਪਾਰ
ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਜਾਰੀ ਜੰਗ 'ਚ ਮਰਨ ਵਾਲਿਆਂ ਦਾ ਅੰਕੜਾ 5 ਹਜ਼ਾਰ ਤੋਂ ਪਾਰ ਕਰ ਗਿਆ ਹੈ, ਜਿਸ 'ਚ ਈਰਾਨ 'ਚ 3519 ਮੌਤਾਂ, ਲਿਬਨਾਨ 'ਚ 1318 ਮੌਤਾਂ, ਇਰਾਕ 'ਚ 107 ਮੌਤਾਂ, ਇਜ਼ਰਾਈਲ 'ਚ 19 ਮੌਤਾਂ ਅਤੇ ਅਮਰੀਕਾ ਦੇ 13 ਫ਼ੌਜੀ ਸ਼ਾਮਿਲ ਹਨ |
ਭਾਰਤੀ ਸੁਰੱਖਿਅਤ ਹੱਥਾਂ 'ਚ-ਈਰਾਨ
ਈਰਾਨ ਦੇ ਵਿਦੇਸ਼ ਮੰਤਰੀ ਸੈਯਦ ਅੱਬਾਸ ਅਰਾਘਚੀ ਨੇ ਕਿਹਾ ਕਿ 'ਸਟ੍ਰੇਟ ਆਫ਼ ਹੋਰਮੁਜ਼' ਦੇ ਭਵਿੱਖ ਦਾ ਫੈਸਲਾ ਸਿਰਫ਼ ਈਰਾਨ ਤੇ ਓਮਾਨ ਤੈਅ ਕਰਨਗੇ | ਭਾਰਤ 'ਚ ਈਰਾਨੀ ਦੂਤਘਰ ਨੇ ਹੀ ਉਨ੍ਹਾਂ ਦੀ ਇਸ ਪੋਸਟ ਨੂੰ ਸਾਂਝੀ ਕਰਦਿਆਂ ਕਿਹਾ ਕਿ ਸਾਡੇ ਭਾਰਤੀ ਦੋਸਤ ਸੁਰੱਖਿਅਤ ਹੱਥਾਂ 'ਚ ਹਨ, ਚਿੰਤਾ ਦੀ ਕੋਈ ਗੱਲ ਨਹੀਂ ਹੈ |
ਸ਼ਾਂਤੀ ਸਮਝੌਤਾ ਨਾ ਹੋਇਆ ਤਾਂ ਈਰਾਨ 'ਤੇ ਹੋਵੇਗਾ ਜ਼ੋਰਦਾਰ ਹਮਲਾ-ਟਰੰਪ
ਅਜੀਤ ਡੈਸਕ
03-04-2026