ਈਰਾਨ ਵਲੋਂ ਦੋ ਅਮਰੀਕੀ ਫ਼ੌਜ ਜਹਾਜ਼ਾਂ ਨੂੰ ਸੁੱਟਣਾ ਅਮਰੀਕਾ ਲਈ ਇਕ ਬਹੁਤ ਹੀ ਦੁਰਲੱਭ ਹਮਲਾ ਹੈ, ਜੋ 20 ਸਾਲਾਂ ਤੋਂ ਵੱਧ ਸਮੇਂ 'ਚ ਨਹੀਂ ਹੋਇਆ ਹੈ | ਈਰਾਨ ਨੇ ਸ਼ੁੱਕਰਵਾਰ ਨੂੰ ਇਕ ਅਮਰੀਕੀ ਐਫ15-ਈ ਸਟ੍ਰਾਈਕ ਈਗਲ ਲੜਾਕੂ ਜਹਾਜ਼ ਨੂੰ ਮਾਰ ਸੁੱਟਿਆ ਸੀ, ਜਿਸ ਦੌਰਾਨ ਅਮਰੀਕਾ ਵਲੋਂ ਇਕ ਪਾਇਲਟ ਨੂੰ ਈਰਾਨੀ ਖੇਤਰ ਤੋਂ ਸੁਰੱਖਿਅਤ ਕੱਢ ਲਿਆ ਗਿਆ ਸੀ, ਜਦੋਂਕਿ ਦੂਜੇ ਦੀ ਭਾਲ ਜਾਰੀ ਹੈ | ਈਰਾਨ ਦੇ ਸਰਕਾਰੀ ਮੀਡੀਆ ਨੇ ਇਹ ਵੀ ਦਾਅਵਾ ਕੀਤਾ ਕਿ ਈਰਾਨੀ ਸੁਰੱਖਿਆ ਬਲਾਂ ਵਲੋਂ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਇਕ ਅਮਰੀਕੀ ਏ-10 ਹਮਲਾ ਜਹਾਜ਼ ਵੀ ਡਿੱਗਾ ਹੈ | ਸੇਵਾ ਮੁਕਤ ਏਅਰ ਫੋਰਸ ਬਿ੍ਗੇਡੀਅਰ ਜਨਰਲ ਹਿਊਸਟਨ ਕੈਂਟਵੈਲ, ਜੋ ਸਾਬਕਾ ਐਫ-16 ਲੜਾਕੂ ਪਾਇਲਟ ਹਨ, ਨੇ ਕਿਹਾ ਕਿ ਆਖਰੀ ਵਾਰ 2003 'ਚ ਇਰਾਕ 'ਚ ਇਕ ਅਮਰੀਕੀ ਏ-10 ਥੰਡਰਬੋਲਟ-2 ਜਹਾਜ਼ ਨੂੰ ਜੰਗ 'ਚ ਸੁਟਿਆ ਗਿਆ ਸੀ |