ਨਵੀਂ ਦਿੱਲੀ, 13 ਸਤੰਬਰ (ਪੀ.ਟੀ.ਆਈ.)-ਕੇਂਦਰ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੀਆਂ ਆਪਣੀਆਂ (ਕੈਪਟਿਵ) ਖਾਣਾਂ ਤੋਂ ਪੰਜਾਬ ਦੇ ਸੁਤੰਤਰ ਬਿਜਲੀ ਉਤਪਾਦਕਾਂ ਨੂੰ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਕਦਮ ਚੁੱਕੇ ਹਨ। ਐਤਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਕੋਲਾ ਮੰਤਰਾਲੇ ਨੇ ਕਿਹਾ ਕਿ ਪੰਜਾਬ ਦੇ ਬਿਜਲੀ ਪਲਾਂਟਾਂ ਨੂੰ ਲੋੜੀਂਦਾ ਕੋਲਾ ਮੁਹੱਈਆ ਕਰਵਾਇਆ ਗਿਆ ਹੈ ਤੇ ‘ਕੋਲ ਇੰਡੀਆ ਲਿਮਟਿਡ’ ਪੰਜਾਬ ਸਮੇਤ ਪੂਰੇ ਦੇਸ਼ ’ਚ ਬਿਜਲੀ ਉਤਪਾਦਨ ਲਈ ਬਾਲਣ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੰਤਰਾਲੇ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਦੇ ਆਪਣੇ ਪਲਾਂਟਾਂ ਦੀ ਵੱਧ ਵਰਤੋਂ, ਆਈ.ਪੀ.ਪੀ. ’ਚ ਖਰਾਬੀ (ਬ੍ਰੇਕਡਾਊਨ) ਦੀ ਨਿਗਰਾਨੀ ਤੇ ਸੀ.ਆਈ.ਐਲ. ਦੀਆਂ ਸਹਾਇਕ ਕੰਪਨੀਆਂ ਵੱਲੋਂ ਪਹਿਲਾਂ ਹੀ ਪੇਸ਼ ਕੀਤੇ ਗਏ ਕੋਲੇ ਨੂੰ ਸਮੇਂ ਸਿਰ ਚੁੱਕਣ ਨਾਲ ਬਿਜਲੀ ਉਤਪਾਦਨ ਨੂੰ ਬਿਹਤਰ ਬਣਾਉਣ ਤੇ ਰਾਜ ਦੀਆਂ ਲੋੜਾਂ ਨੂੰ ਪੂਰਾ ਕਰਨ ’ਚ ਮਦਦ ਮਿਲੇਗੀ
। ਪੰਜਾਬ ਨੂੰ ਕੋਲੇ ਦੀ ਸਪਲਾਈ ਬਾਰੇ ਮੰਤਰਾਲੇ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ‘ਨਾਭਾ ਪਾਵਰ ਲਿਮਟਿਡ’ (ਐਨ.ਪੀ.ਐਲ.) (ਰਾਜਪੁਰਾ) ਦੀ ਲਗਭਗ 4.3 ਰੈਕ (ਰੇਲ ਗੱਡੀਆਂ) ਪ੍ਰਤੀ ਦਿਨ ਦੀ ਔਸਤ ਖਪਤ ਦੇ ਮੁਕਾਬਲੇ, ਰੈਕ ਸਪਲਾਈ ਔਸਤਨ ਲਗਭਗ 5 ਰੈਕ ਪ੍ਰਤੀ ਦਿਨ ਰਹੀ ਹੈ ਅਤੇ ‘ਤਲਵੰਡੀ ਸਾਬੋ ਪਾਵਰ ਲਿਮਟਿਡ’ (ਟੀ.ਐਸ.ਪੀ.ਐਲ.) ਦੀ ਲਗਭਗ 3.8 ਰੈਕ ਪ੍ਰਤੀ ਦਿਨ ਦੀ ਖਪਤ ਦੇ ਮੁਕਾਬਲੇ, ਸਪਲਾਈ ਔਸਤਨ ਲਗਭਗ 5 ਰੈਕ ਪ੍ਰਤੀ ਦਿਨ ਰਹੀ ਹੈ। ਸਤੰਬਰ 2026 ਤੱਕ (ਮੌਜੂਦਾ ਸਮੇਂ ਤੱਕ), ਐਨ.ਪੀ.ਐਲ. ਲਈ ਔਸਤ ਸਪਲਾਈ ਲਗਭਗ 4.9 ਰੈਕ ਪ੍ਰਤੀ ਦਿਨ ਅਤੇ ਟੀ.ਐਸ.ਪੀ.ਐਲ. ਲਈ 4.1 ਰੈਕ ਪ੍ਰਤੀ ਦਿਨ ਰਹੀ ਹੈ, ਜੋ ਕਿ ਇਨ੍ਹਾਂ ਆਈ.ਪੀ.ਪੀ. ਦੀ ਔਸਤ ਖਪਤ ਨਾਲੋਂ ਵੱਧ ਹੈ।