ਨਵੀਂ ਦਿੱਲੀ, 13 ਸਤੰਬਰ (ਪੀ.ਟੀ.ਆਈ.)-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬ੍ਰਿਕਸ ਦੇਸ਼ਾਂ ਵਿਚਕਾਰ ਅਨਾਜ ਬਾਜ਼ਾਰ ਲਈ ਇਕ ਨਵਾਂ ਬੀਮਾ ਵਿਧੀ ਤੇ ਇਕ ਸਾਂਝੀ ਪਹਿਲਕਦਮੀ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਸਮੂਹ ਨੂੰ ਗੰਭੀਰ ਵਿਸ਼ਵਵਿਆਪੀ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਵਿਆਪਕ ਪਹੁੰਚ ਅਪਣਾਉਣ ਦਾ ਵੀ ਸੱਦਾ ਦਿੱਤਾ। ਪੁਤਿਨ ਨੇ ਯੂਕਰੇਨ ਵਿਰੁੱਧ ਜੰਗ ਦੌਰਾਨ ਪੱਛਮੀ ਤਾਕਤਾਂ ਵਲੋਂ ਮਾਸਕੋ ’ਤੇ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਦੇ ਵਿਚਕਾਰ ਬ੍ਰਿਕਸ ਮੈਂਬਰ ਦੇਸ਼ਾਂ ਦੇ ਨਾਲ-ਨਾਲ ਗਲੋਬਲ ਸਾਊਥ ਦੇਸ਼ਾਂ ’ਚ ਆਰਥਿਕ ਵਿਕਾਸ ਲਈ ਨਵੀਆਂ ਪਹਿਲਕਦਮੀਆਂ ਦਾ ਪ੍ਰਸਤਾਵ ਰੱਖਿਆ।
ਜੀ-7 ਦੇਸ਼ਾਂ, ਯੂਰਪੀਅਨ ਯੂਨੀਅਨ ਤੇ ਯੂ.ਕੇ. ਨੇ ਪੱਛਮੀ ਕੰਪਨੀਆਂ ਨੂੰ ਰੂਸੀ ਕੱਚੇ ਤੇਲ ਦੀ ਢੋਆ-ਢੁਆਈ ਕਰਨ ਵਾਲੇ ਕਿਸੇ ਵੀ ਜਹਾਜ਼ ਦਾ ਬੀਮਾ ਕਰਨ ਤੋਂ ਰੋਕਿਆ ਸੀ ਜਦੋਂ ਤੱਕ ਕਿ ਤੇਲ ਇਕ ਨਿਰਧਾਰਤ ਕੀਮਤ ਸੀਮਾ ’ਤੇ ਜਾਂ ਇਸ ਤੋਂ ਘੱਟ’’ਤੇ ਨਹੀਂ ਖਰੀਦਿਆ ਜਾਂਦਾ। ਬੀਮਾ ਖੇਤਰ ਨਾਲ ਸਬੰਧਤ ਪਾਬੰਦੀਆਂ ਨੇ ਰੂਸੀ ਕੱਚੇ ਤੇਲ ਦੇ ਨਿਰਯਾਤ ’ਤੇ ਮਾੜਾ ਪ੍ਰਭਾਵ ਪਾਇਆ ਹੈ। ਇਸ ਦੌਰਾਨ ਰੂਸੀ ਰਾਸ਼ਟਰਪਤੀ ਨੇ ਬ੍ਰਿਕਸ ਨਾਲ ਆਰਥਿਕ ਵਿਕਾਸ ਲਈ ਇਕ ਸਮਰਪਿਤ ਪਲੇਟਫਾਰਮ ਸਥਾਪਤ ਕਰਨ ਦੀ ਵੀ ਵਕਾਲਤ ਕੀਤੀ।